ਭਾਰਤ ’ਤੋਂ ਕੈਨੇਡਾ ’ਚ ਪੜ੍ਹਾਈ ਲਈ ਜਾਣ ਵਾਲੇ ਸੈਂਕੜੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਕਾਲਜਾਂ ’ਚ ਦਾਖਲੇ ਦੇ ਫ਼ਰਜ਼ੀ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਭਾਰਤੀ ਇਮੀਗ੍ਰੇਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਨੇ ਵੈਨਕੂਵਰ ਦੀ ਅਦਾਲਤ ’ਚ ਆਪਣੇ ਦੋਸ਼ ਕਬੂਲ ਲਏ ਹਨ। ਅਦਾਲਤ ਨੇ ਦੋਸ਼ ਕਬੂਲਣ ਉਪਰੰਤ ਬ੍ਰਿਜੇਸ਼ ਮਿਸ਼ਰਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਦੱਸਣਯੋਗ ਹੈ ਕਿ 37 ਸਾਲਾ ਭਾਰਤੀ ਇੰਮੀਗ੍ਰੇਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਪਿਛਲੇ ਸਾਲ ਜੂਨ ਮਹੀਨੇ ਦੌਰਾਨ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੇੱਸਏ) ਵੱਲੋਂ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਪੁੱਜਾ ਸੀ ਤੇ ਗ੍ਰਿਫ਼ਤਾਰੀ ਵੇਲੇ ਉਸ ਦਾ ਵੀਜ਼ਾ ਸਮਾਪਤ ਹੋ ਚੁੱਕਾ ਸੀ। ਉਸ ਖਿ਼ਲਾਫ਼ 2016 ਤੋਂ 2020 ਦਰਮਿਆਨ ਭਾਰਤ ਤੋਂ ਪੜ੍ਹਾਈ ਲਈ ਆਉਣ ਵਾਲੇ ਦਰਜਨਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆ ’ਚ ਦਾਖਲੇ ਲਈ ਫ਼ਰਜ਼ੀ ਅਸੈਪਟੈਂਸ ਲੈਟਰ ਜਾਰੀ ਕਰਨ ਦੇ ਮਾਮਲੇ ’ਚ ਜਾਂਚ ਉਪਰੰਤ ਕੇਸ ਦਰਜ ਕੀਤਾ ਗਿਆ ਸੀ।ਬੁੱਧਵਾਰ ਨੂੰ ਵੈਨਕੂਵਰ ਦੀ ਅਦਾਲਤ ’ਚ ਸੁਣਵਾਈ ਦੌਰਾਨ ਮਿਸ਼ਰਾ ਨੇ ਕੈਨੇਡੀਅਨ ਇੰਮੀਗ੍ਰੇਸ਼ਨ ਅਪਰਾਧਾਂ ਲਈ ਮਾਫ਼ੀ ਮੰਗੀ। ਮਿਸ਼ਰਾ ਨੇ ਆਪਣੇ ’ਤੇ ਕੈਨੇਡੀਅਨ ਇੰਮੀਗੇ੍ਰਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਲੱਗੇ 3 ਦੋਸ਼ ਕਬੂਲ ਲਏ, ਜਿਨ੍ਹਾਂ ’ਚ ਗ਼ਲਤ ਢੰਗ ਨਾਲ ਪੇਸ਼ਕਾਰੀ ਤੇ ਗ਼ਲਤ ਜਾਣਕਾਰੀ ਦੇਣਾ ਸ਼ਾਮਲ ਹਨ।ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਮਿਸ਼ਰਾ ਨੇ ਅਦਾਲਤ ’ਚ ਆਪਣੇ ’ਤੇ ਲੱਗੇ ਦੋਸ਼ਾਂ ਲਈ ਮਾਫ਼ੀ ਮੰਗਦਿਆਂ ਦੱਸਿਆ ਕਿ ‘ਮੈਂ ਬੀਤੇ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਭਵਿੱਖ ’ਚ ਮੈਂ ਅਜਿਹਾ ਮੁੜ ਕਦੇ ਨਹੀਂ ਕਰਾਂਗਾ।’ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਤੇ ਬਚਾਅ ਪੱਖ ਦੇ ਵਕੀਲਾਂ ਨੇ ਸਾਂਝੇ ਤੌਰ ਅਦਾਲਤ ਕੋਲੋਂ ਮਿਸ਼ਰਾ ਲਈ ਤਿੰਨ ਸਾਲ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ, ਜਿਸ ’ਤੇ ਜੱਜ ਨੇ ਆਪਣੀ ਸਹਿਮਤੀ ਦੇ ਦਿੱਤੀ। ਮਿਸ਼ਰਾ ਵੱਲੋਂ 2023 ’ਚ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤਕ ਹਵਾਲਾਤ ’ਚ ਬਿਤਾਇਆ ਸਮਾਂ ਵੀ ਉਸ ਦੀ ਤਿੰਨ ਸਾਲਾ ਕੈਦ ਦੀ ਸਜ਼ਾ ’ਚ ਸ਼ਾਮਲ ਕੀਤਾ ਜਾਵੇਗਾ। ਇਸ ਲਈ ਉਸ ਨੂੰ ਹੁਣ 19 ਮਹੀਨੇ ਹੋਰ ਸਜ਼ਾ ਕੈਦ ਕੱਟਣੀ ਪਵੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ’ਚ ਸਜ਼ਾ ਭੁਗਤਣ ਉਪਰੰਤ ਮਿਸ਼ਰਾ ਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ, ਜਿੱਥੇ ਉਹ ਪਹਿਲਾਂ ਹੀ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਅਪਰਾਧਕ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦੀ ਵੱਧ ਤੋਂ ਵੱਧ ਸਜ਼ਾ ਮੌਤ ਹੈ।