ਦੁਬਈ ਦੀ ਜੇਲ੍ਹ ’ਚ ਪਿਛਲੇ ਡੇਢ ਸਾਲ ਤੋਂ ਫਸੇ ਪੰਜਾਬ ਦੇ 17 ਨੌਜਵਾਨਾਂ ਦੇ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰ ਕੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ। ਨਿਰਮਲ ਕੁਟੀਆ ਵਿਖੇ ਪਹੁੰਚੇ 14 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਪਲ ਪਲ ਮਰ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਕੇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਮਿਲ ਰਹੀ ਤੇ ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ’ਚ ਬੰਦ ਨੌਜਵਾਨ ਮਾਨਸਿਕ ਪੀੜਾ ਝੱਲ ਰਹੇ ਹਨ। ਪੀੜਤ ਪਰਿਵਾਰਾਂ ਨੂੰ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਨੌਜਵਾਨਾਂ ਦਾ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣਗੇ ਤੇ ਉਨ੍ਹਾਂ ਦੀ ਹਰ ਸੰਭਵ ਮਦੱਦ ਕਰਨਗੇ।ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ’ਚ ਜਲੰਧਰ ਜ਼ਿਲ੍ਹੇ ਦੇ 6, ਕਪੂਰਥਲਾ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ 3-3 ਨੌਜਵਾਨ ਜਦਕਿ ਗੁਰਦਾਸਪੁਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦਾ 1-1 ਨੌਜਵਾਨ ਸ਼ਾਮਿਲ ਹੈ। ਦੁਬਈ ’ਚ ਫਸੇ ਗੋਰਵ ਕੁਮਾਰ ਦੇ ਭਰਾ ਰਵੀਕਾਂਤ ਨੇ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਗਏ ਗੌਰਵ ਨੂੰ ਇਸ ਗੱਲ ਦਾ ਨਹੀ ਸੀ ਪਤਾ ਕਿ ਉੱਥੇ ਹੋਏ ਝਗੜੇ ’ਚ ਉਹ ਇਸ ਤਰ੍ਹਾਂ ਫਸ ਜਾਵੇਗਾ। ਰਵੀਕਾਂਤ ਨੇ ਦੱਸਿਆ ਕਿ ਉਸ ਦਾ ਭਰਾ ਬਾਕੀ ਹੋਰ ਨੌਜਵਾਨਾਂ ਨਾਲ ਇੱਕਠੇ ਇਕ ਕਮਰੇ ’ਚ ਰਹਿੰਦੇ ਸਨ। ਉੱਥੋਂ ਦੀ ਪੁਲਿਸ ਨੇ ਰਾਤ ਸਮੇਂ ਸੁੱਤਿਆ ਪਿਆ ਉਸ ਨੂੰ ਫੜ੍ਹ ਲਿਆ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਮਰੱਥਾ ਨਹੀ ਕਿ ਉਹ ਦੁਬਈ ’ਚ ਵਕੀਲ ਕਰਕੇ ਕੇਸ ਦੀ ਪੈਰਵਾਈ ਕਰ ਸਕਣਗੇ। ਇਨ੍ਹਾਂ ਨੌਜਵਾਨਾਂ ’ਚ ਫਸੇ ਪਰਜੀਆਂ ਕਲਾਂ ਦੇ ਹਰਪ੍ਰੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੂੰ ਡੇਢ ਮਹੀਨੇ ਪਹਿਲਾਂ ਦੁਬਈ ਤੋਂ ਫੋਨ ਆਇਆ ਕਿ ਉਹ ਉਸ ਦੇ ਭਰਾ ਨੂੰ ਛੁਡਵਾ ਦੇਣਗੇ ਉਸ ਦੇ ਬਦਲੇ 1 ਲੱਖ ਰੁਪੈ ਦੇ ਦਿਉ। ਜਦੋਂ ਹਰਪ੍ਰੀਤ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਕੋਲ ਇਨੇ ਪੈਸੇ ਨਹੀ ਹਨ ਤਾਂ ਫੋਨ ਕਰਨ ਵਾਲਿਆਂ ਨੇ ਕਿਹਾ ਕਿ ਚਲੋ 50 ਹਜ਼ਾਰ ਰੁਪੈ ਹੀ ਦੇ ਦਿਉ ਅਸੀ ਤੁਹਾਡੇ ਭਰਾ ਨੂੰ ਛੁਡਵਾ ਦਿਆਂਗੇ।
ਦੀਪਕ ਦੇ ਪਿਤਾ ਰਾਮ ਲੁਭਾਇਆ ਨੇ ਦੱਸਿਆ ਕਿ ਇਕ ਤਾਂ ਉਹ ਆਪਣੇ ਪੁੱਤਰ ਦੇ ਫਸ ਜਾਣ ਕਾਰਨ ਮੁਸੀਬਤ ’ਚ ਹਨ ਤੇ ਦੂਜਾ ਉਨ੍ਹਾਂ ਨੂੰ ਅਜਿਹੀਆਂ ਜਾਅਲੀ ਕਾਲਾਂ ਆ ਰਹੀਆਂ ਹਨ ਜਿਸ ’ਚ ਫੋਨ ਕਰਨ ਵਾਲਾ ਦਾਅਵਾ ਕਰਦਾ ਹੈ ਕਿ ਤੁਸੀ ਪੈਸੇ ਦਿਓ ਅਸੀ ਤਹਾਨੂੰ ਲੜਕੇ ਨੂੰ ਛਡਵਾ ਦਿਆਂਗੇ। ਉਨ੍ਹਾਂ ਕਿਹਾ ਕਿ ਮੁਸੀਬਤ ’ਚ ਫਸੇ ਪਰਿਵਾਰਾਂ ਤੋਂ ਵੀ ਕਈ ਲੋਕ ਆਪਣਾ ਮੁਾਨਫਾ ਭਾਲ ਰਹੇ ਹਨ। ਫਗਵਾੜੇ ਤੋਂ ਆਏ ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਦੀਪ ਕੁਮਾਰ ਦੁਬਈ ’ਚ ਟੂਰਿਸਟ ਵੀਜ਼ੇ ’ਤੇ ਗਿਆ ਸੀ। ਉੱਥੇ ਉਹ ਆਪਣੇ ਦੋਸਤ ਨੂੰ ਮਿਲਣ ਗਿਆ, ਜਿੱਥੇ ਪੁਲਿਸ ਵੱਲੋਂ ਰਾਤ ਸਮੇਂ ਮਾਰੇ ਛਾਪੇ ’ਚ ਹਰਦੀਪ ਕੁਮਾਰ ਵੀ ਫੜਿਆ ਗਿਆ।