ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਚੋਣ ਨਤੀਜਿਆਂ ਤੋਂ ਬਦਲੇ ਸਮੀਕਰਨ ਦੀ ਸਿਆਸੀ ਤਪਸ਼ ਸੰਸਦ ’ਚ ਹੁਣ ਹਮਲਾਵਰ ਰੂਪ ’ਚ ਸਾਹਮਣੇ ਆਉਣ ਲੱਗੀ ਹੈ। ਲੋਕ ਸਭਾ ’ਚ ਬਜਟ ’ਤੇ ਚਰਚਾ ਦੌਰਾਨ ਵੀਰਵਾਰ ਨੂੰ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕਾਂਗਰਸੀ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਹੋਈ ਤਕਰਾਰ ’ਚ ਇਸ ਦਾ ਸਭ ਤੋਂ ਹਮਲਾਵਰ ਰੂਪ ਦਿਖਾਈ ਦਿੱਤਾ। ਦੋਵਾਂ ਵਿਚਾਲੇ ਸ਼ਬਦਾਂ ਦੀ ਤਕਰਾਰ ਆਰ-ਪਾਰ ਦੀ ਤਾਲ ਠੋਕਣ ਤੱਕ ਪੁੱਜ ਗਈ। ਮੰਤਰੀ ਬਿੱਟੂ ਹੱਥ ਲਹਿਰਾਉਂਦੇ ਹੋਏ ਆਪਣੀ ਸੀਟ ਤੋਂ ਉੱਠ ਕੇ ਦੇਖ ਲੈਣ ਦੇ ਅੰਦਾਜ਼ ’ਚ ਵਿਰੋਧੀ ਸੰਸਦ ਮੈਂਬਰ ਚੰਨੀ ਨਾਲ ਭਿੜਨ ਲਈ ਵੈੱਲ ਪਾਸੇ ਦੌੜ ਪਏ। ਵਿਰੋਧੀ ਸੰਸਦ ਮੈਂਬਰ ਵੀ ਮੰਤਰੀ ਦਾ ਮੁਕਾਬਲਾ ਕਰਨ ਲਈ ਸਾਹਮਣੇ ਆ ਕੇ ਡਟ ਗਏ ਤੇ ਭਾਰੀ ਹੰਗਾਮੇ ਵਿਚਾਲੇ ਹੱਥੋਪਾਈ ਦੀ ਨੌਬਤ ਨੂੰ ਟਾਲ਼ਣ ਲਈ ਸਦਨ ਨੂੰ ਮੁਲਤਵੀ ਕਰਨਾ ਪਿਆ। ਲੋਕ ਸਭਾ ’ਚ ਦੁਪਹਿਰ ਇਕ ਵਜੇ ਬਜਟ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਕਾਂਗਰਸੀ ਸੰਸਦ ਮੈਂਬਰ ਚੰਨੀ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਕਾਰਜਸ਼ੈਲੀ ’ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ। ਚੰਨੀ ਨੇ ਕਿਹਾ ਕਿ ਸੱਤਾਧਾਰੀ ਧਿਰ ਐਮਰਜੈਂਸੀ ਦੀ ਗੱਲ ਕਰਦੀ ਹੈ ਪਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ, ਕਿਸਾਨਾਂ ਨਾਲ ਜੋ ਵਿਵਹਾਰ ਹੋ ਰਿਹਾ ਹੈ, ਉਹ ਵੀ ਤਾਂ ਐਮਰਜੈਂਸੀ ਹੈ। ਇਸੇ ਦੌਰਾਨ ਉਨ੍ਹਾਂ ਨੇ ਜੇਲ੍ਹ ’ਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮਿ੍ਰਤਪਾਲ ਦਾ ਨਾਂ ਲਏ ਬਿਨਾਂ ਕਿਹਾ ਕਿ 20 ਲੱਖ ਲੋਕਾਂ ਦੇ ਨੁਮਾਇੰਦੇ ਨੂੰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਹੈ, ਇਹ ਵੀ ਐਮਰਜੈਂਸੀ ਹੈ।ਭਾਸ਼ਣ ਦੌਰਾਨ ਚੰਨੀ ਨੇ ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਤੁਲਨਾ ਅੰਗਰੇਜ਼ਾਂ ਨਾਲ ਕੀਤੀ ਤੇ ਬਿੱਟੂ ਦੀ ਵਫ਼ਾਦਾਰੀ ’ਤੇ ਵਿਅੰਗ ਕੀਤੇ ਤਾਂ ਟਕਰਾਅ ਵਧਣ ਲੱਗਾ। ਟੋਕਾ-ਟਾਕੀ ਨਾਲ ਅਸਹਿਜ ਚੰਨੀ ਨੇ ਬਿੱਟੂ ਨੂੰ ਕਿਹਾ ਕਿ ਤੁਹਾਡੇ ਦਾਦਾ (ਸਰਦਾਰ ਬੇਅੰਤ ਸਿੰਘ) ਉਸ ਦਿਨ ਸ਼ਹੀਦ ਨਹੀਂ ਹੋਏ ਬਲਿਕ ਉਸ ਦਿਨ ਮਰੇ ਜਿਸ ਦਿਨ ਤੁਸੀਂ ਕਾਂਗਰਸ ਛੱਡੀ। ਇਸ ਨਾਲ ਭੜਕੇ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਦੇਸ਼ ਲਈ ਸ਼ਹੀਦ ਹੋਏ, ਕਾਂਗਰਸ ਲਈ ਨਹੀਂ। ਬਿੱਟੂ ਨੇ ਅੰਗਰੇਜ਼ਾਂ ਨਾਲ ਤੁਲਨਾ ਦੇ ਜਵਾਬ ’ਚ ਕਾਂਗਰਸ ਦੀ ਸਰਬਉੱਚ ਆਗੂ ਸੋਨੀਆ ਗਾਂਧੀ ਖ਼ਿਲਾਫ਼ ਗ਼ੈਰ-ਮਰਿਆਦਤ ਟਿੱਪਣੀ ਕਰ ਦਿੱਤੀ ਤੇ ਚੰਨੀ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਤੋਂ ਲੈ ਕੇ ਕਈ ਤਰ੍ਹਾਂ ਦੇ ਦੋਸ਼ ਲਾਏ। ਇਸ ਨਾਲ ਵਧੇ ਹੰਗਾਮੇ ਵਿਚਾਲੇ ਬਿੱਟੂ ਏਨੇ ਗੁੱਸੇ ’ਚ ਆ ਗਏ ਕਿ ਕਮੀਜ਼ ਦੀ ਬਾਂਹ ਚੜ੍ਹਾਉਂਦੇ ਹੋਏ ਚੰਨੀ ਨਾਲ ਦੋ-ਦੋ ਹੱਥ ਕਰਨ ਦੇ ਅੰਦਾਜ਼ ’ਚ ਤੇਜ਼ ਕਦਮਾਂ ਨਾਲ ਵੈੱਲ ਤੱਕ ਪੁੱਜ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰ ਵੀ ਉਸੇ ਅੰਦਾਜ਼ ’ਚ ਵੈੱਲ ’ਚ ਆਉਣ ਲੱਗੇ। ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿੱਟੂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਚੋਣ ’ਚ ਉਹ ਉਨ੍ਹਾਂ ਨੂੰ ਹਰਾ ਚੁੱਕੇ ਹਨ ਤੇ ਇੱਥੇ ਵੀ ਹਰਾ ਦੇਣਗੇ। ਪੰਜਾਬ ਤੋਂ ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਦਰਜਨ ਕੁ ਹੋਰ ਸੰਸਦ ਮੈਂਬਰ ਵੀ ਵੈੱਲ ’ਚ ਪੁੱਜ ਗਏ। ਟਕਰਾਅ ਦੀ ਨੌਬਤ ਆਉਂਦੀ ਦੇਖ ਕੇ ਸੱਤਾਧਾਰੀ ਧਿਰ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੁਝ ਹੋਰ ਭਾਜਪਾ ਮੈਂਬਰਾਂ ਨੇ ਤੱਤਕਾਲ ਬਿੱਟੂ ਨੂੰ ਫੜ ਕੇ ਸਮਝਾਉਂਦੇ ਹੋਏ ਪਿੱਛੇ ਖਿੱਚਿਆ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਆਪਣੇ ਸੰਸਦ ਮੈਂਬਰਾਂ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕਰਦੇ ਦਿਸੇ। ਹੰਗਾਮੇ ਨੂੰ ਆਹਮੋ-ਸਾਹਮਣੇ ਦੀ ਲੜਾਈ ’ਚ ਤਬਦੀਲ ਹੋਣ ਦੀ ਨੌਬਤ ਆਉਂਦੇ ਦੇਖ ਕੇ ਪ੍ਰੀਜ਼ਾਈਡਿੰਗ ਅਫ਼ਸਰ ਸੰਧਿਆ ਰਾਏ ਨੇ ਤੱਤਕਾਲ ਸਦਨ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ। ਹਾਲਾਂਕਿ ਸਦਨ ’ਚ ਗਰਮਾ-ਗਰਮੀ ਦਾ ਮਾਹੌਲ ਤਦ ਵੀ ਰਿਹਾ ਤੇ ਕੁਝ ਹੀ ਸਮੇਂ ’ਚ ਸਪੀਕਰ ਓਮ ਬਿਰਲਾ ਆਸਨ ’ਤੇ ਆ ਕੇ ਦੋਵਾਂ ਧਿਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਪਰ ਜਿਵੇਂ ਹੀ ਸਦਨ ਮੁਲਤਵੀ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਗਈ ਤਾਂ ਉਹ ਆਪਣੇ ਚੈਂਬਰ ’ਚ ਚਲੇ ਗਏ, ਜਿੱਥੇ ਸਰਕਾਰ ਤੇ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਨੇ ਇਹ ਟਕਰਾਅ ਖ਼ਤਮ ਕਰਨ ਦੀ ਪਹਿਲ ਕੀਤੀ। ਕਾਂਗਰਸੀ ਆਗੂ ਕੇਸੀ ਵੇਣੁਗੋਪਾਲ ਨੇ ਦੋ ਵਜੇ ਸਦਨ ਸ਼ੁਰੂ ਹੁੰਦੇ ਹੀ ਮੰਤਰੀ ਬਿੱਟੂ ਦੀਆਂ ਚੰਨੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਇਹ ਬਹੁਤ ਇਤਰਾਜ਼ਯੋਗ ਹੈ ਕਿ ਮੰਤਰੀ ਨੇ ਇਕ ਸੰਸਦ ਮੈਂਬਰ ’ਤੇ ਹਮਲੇ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਬਿੱਟੂ ਤੋਂ ਮਾਫ਼ੀ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਰਾਜਨਾਥ ਸਿੰਘ ਨੇ ਦਖ਼ਲ ਦਿੰਦੇ ਹੋਏ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਦਿੱਤੇ ਗਏ ਕੌੜੇ ਭਾਸ਼ਣਾਂ ਨੂੰ ਰਿਕਾਰਡ ਤੋਂ ਹਟਾ ਦਿੱਤਾ ਜਾਵੇ। ਬਿਰਲਾ ਨੇ ਕਿਹਾ ਕਿ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੋਵੇਂ ਵੈੱਲ ’ਚ ਕੀ ਲਾਈਨ ਤੋਂ ਬਾਹਰ ਨਾ ਜਾਣ ਤੇ ਮੰਤਰੀ ਤਾਂ ਖ਼ਾਸ ਤੌਰ ’ਤੇ ਸਦਨ ਦੀ ਮਰਿਆਦਾ ਤੇ ਮਾਣ ਦਾ ਧਿਆਨ ਰੱਖਣ। ਸਦਨ ਦਾ ਮਾਣ ਘੱਟ ਨਾ ਕਰੋ। ਚੰਨੀ ਨੇ ਮੁੜ ਆਪਣਾ ਭਾਸ਼ਣ ਪੂਰਾ ਕਰਨਾ ਸ਼ੁਰੂ ਕੀਤਾ ਤਾਂ ਕਿਸਾਨਾਂ ਦੇ ਮੁੱਦੇ ’ਤੇ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਉਨ੍ਹਾਂ ਦੀ ਨੋਕ-ਝੋਕ ਹੋਈ। ਗੋਇਲ ਨੇ ਚੰਨੀ ’ਤੇ ਕਿਸਾਨਾਂ ਦੇ ਮਾਮਲੇ ’ਚ ਗੁਮਰਾਹ ਕਰਨ ਦਾ ਦੋਸ਼ ਲਾਇਆ ਤੇ ਸਬੂਤ ਦੇਣ ਦੀ ਮੰਗ ਕੀਤੀ। ਸਪੀਕਰ ਨੇ ਵੀ ਚੰਨੀ ਨੂੰ ਉਨ੍ਹਾਂ ਦੀਆਂ ਗੱਲਾਂ ਦਾ ਸਬੂਤ ਦੇਣ ਲਈ ਕਿਹਾ ਤਦ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਬੂਤ ਦੇਣ ਦੀ ਰੂਟੀਨ ਰਾਜ ਸਭਾ ’ਚ ਹੈ, ਲੋਕ ਸਭਾ ’ਚ ਨਹੀਂ। ਇਸ ’ਤੇ ਵੀ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਹੰਗਾਮਾ ਹੋਇਆ ਤੇ ਚੰਨੀ ਨੂੰ ਆਪਣਾ ਭਾਸ਼ਣ ਖ਼ਤਮ ਕਰਨਾ ਪਿਆ।
ਬਿੱਟੂ ਨੇ ਚੰਨੀ ’ਤੇ ਲਾਇਆ ਦੇਸ਼ਧ੍ਰੋਹੀ ਵਾਂਗ ਵਿਵਹਾਰ ਕਰਨ ਦਾ ਦੋਸ਼:
ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਲੋਕ ਸਭਾ ’ਚ ਇਕ ਦੇਸ਼ਧ੍ਰੋਹੀ ਵਾਂਗ ਵਿਵਹਾਰ ਕਰਨ ਦਾ ਦੋਸ਼ ਲਾਇਆ। ਬਿੱਟੂ ਨੇ ਕਿਹਾ ਕਿ ਚੰਨੀ ਨੇ ਸਦਨ ਰਾਹੀਂ ਪੂਰੀ ਦੁਨੀਆ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਬਿੱਟੂ ਮੁਤਾਬਕ ਚੰਨੀ ਨੇ ਸਦਨ ’ਚ ਕਿਹਾ ਕਿ ਸਰਕਾਰ ਨੇ ਕਿਸਾਨਾਂ ’ਤੇ ਐੱਨਐੱਸਏ ਲਾਇਆ ਹੈ, ਜੋ ਬਿਲਕੁਲ ਝੂਠ ਹੈ। ਹਕੀਕਤ ਇਹ ਹੈ ਕਿ ਐੱਨਐੱਸਏ ਤਹਿਤ ਸਿਰਫ਼ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਜੋ ਪੰਜਾਬ ਤੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਬਿੱਟੂ ਮੁਤਾਬਕ ਜਦ ਉਨ੍ਹਾਂ ਨੇ ਚੰਨੀ ਨੂੰ ਉਨ੍ਹਾਂ ਕਿਸਾਨਾਂ ਦੇ ਨਾਂ ਦੱਸਣ ਦੀ ਚੁਣੌਤੀ ਦਿੱਤੀ, ਜਿਨ੍ਹਾਂ ’ਤੇ ਐੱਨਐੱਸਏ ਤਹਿਤ ਕਾਰਵਾਈ ਕੀਤੀ ਗਈ ਹੈ ਤਾਂ ਉਹ ਬੈਕਫੁਟ ’ਤੇ ਆ ਗਏ ਤੇ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਚੰਨੀ ਕਾਰਨ ਪੂਰੀ ਕਾਂਗਰਸ ਪਾਰਟੀ ਤੇ ਆਈਐੱਨਡੀਆਈਏ ਨੂੰ ਸਦਨ ’ਚ ਸ਼ਰਮਸਾਰ ਹੋਣਾ ਪਿਆ।