Home » ਆਉਣ ਵਾਲੇ ਸਮੇਂ ਵਿੱਚ ਨਿਊਜ਼ੀਲੈਂਡ ਵਿੱਚ ਕੀ ਹੋਵੇਗਾ ?-ਅਵਤਾਰ ਤਰਕਸ਼ੀਲ…
Home Page News New Zealand Local News NewZealand Punjabi Articules

ਆਉਣ ਵਾਲੇ ਸਮੇਂ ਵਿੱਚ ਨਿਊਜ਼ੀਲੈਂਡ ਵਿੱਚ ਕੀ ਹੋਵੇਗਾ ?-ਅਵਤਾਰ ਤਰਕਸ਼ੀਲ…

Spread the news

ਆਉਣ ਵਾਲੇ ਸਮੇਂ ਵਿੱਚ ਨਿਊਜ਼ੀਲੈਂਡ ਵਿੱਚ ਕੀ ਹੋਵੇਗਾ? *
-ਆਪਣੇ ਤਜ਼ਰਬੇ ਅਨੁਸਾਰ

ਬਿਜਨਸ ਦੀ ਦੁਨੀਆਂ ਵਿੱਚ, ਘਰਾਂ ਦੀ ਇਨਵੈਸਟਮੈਂਟ ਵਿੱਚ ਅਤੇ ਕਮਰਸ਼ੀਅਲ ਪ੍ਰਾਪਰਟੀ ਵਿੱਚ ਮੈਨੂੰ ਬਹੁਤ ਲੋਕ ਮਿਲਦੇ ਹਨ ਜੋ ਕਹਿੰਦੇ ਹਨ ਕਿ ਜੇ ਸਾਨੂੰ ਪਤਾ ਹੁੰਦਾ ਤਾਂ ਇਹ ਚੀਜ਼ਾਂ ਅਸੀਂ ਏਨੇ ਸਾਲ ਪਹਿਲਾਂ ਖਰੀਦ ਲੈਣੀਆਂ ਸਨ ਪਰ ਉਹ ਪਹਿਲਾਂ ਤਾਂ ਹੀ ਖਰੀਦ ਸਕਦੇ ਸੀ ਜੇ ਉਨ੍ਹਾਂ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਜਾਣਕਾਰੀ ਹਾਸਿਲ ਕੀਤੀ ਹੁੰਦੀ ਜੋ ਕਿ ਕਾਫੀ ਮੁਸ਼ਕਿਲ ਕੰਮ ਹੁੰਦਾ ਹੈ l ਅੱਜ ਇਸ ਲੇਖ ਵਿੱਚ ਆਪਣੇ ਤਜ਼ਰਬੇ ਦੇ ਅਧਾਰ ਤੇ ਨਿਊਜ਼ੀਲੈਂਡ ਵਿੱਚ ਆਉਣ ਵਾਲੇ ਸਮੇਂ ਬਾਰੇ ਗੱਲ ਕਰਾਂਗਾ l

ਜਿਹੜੇ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਜਾਂ ਦਾਦਾ ਦਾਦੀ ਉਪਰੋਕਤ ਚੀਜ਼ਾਂ ਦੇ ਜਾਂਦੇ ਹਨ ਜਾਂ ਦੱਸ ਜਾਂਦੇ ਹਨ ਕਿ ਇਹ ਚੀਜ਼ਾਂ ਅਸੀਂ ਬਹੁਤ ਸਾਲ ਪਹਿਲਾਂ ਖਰੀਦੀਆਂ ਸਨ ਉਨ੍ਹਾਂ ਦੇ ਬੱਚੇ ਅਕਸਰ ਕਹਿੰਦੇ ਹਨ ਕਿ ਉਸ ਵੇਲੇ ਚੀਜ਼ਾਂ ਏਨੀਆਂ ਸਸਤੀਆਂ ਸਨ, ਸਾਡੇ ਬਜ਼ੁਰਗਾਂ ਨੂੰ ਹੋਰ ਖਰੀਦ ਲੈਣੀਆਂ ਚਾਹੀਦੀਆਂ ਸਨ ਪਰ ਸਚਾਈ ਹੈ ਕਿ ਚੀਜ਼ਾਂ ਕਦੇ ਵੀ ਸਸਤੀਆਂ ਨਹੀਂ ਹੁੰਦੀਆਂ l ਉਸ ਵੇਲੇ ਆਮਦਨ ਹੀ ਘੱਟ ਹੁੰਦੀ ਹੈ l ਜਦੋਂ ਵੀ ਕੋਈ ਉਪਰੋਕਤ ਚੀਜ਼ਾਂ ਖਰੀਦਦਾ ਹੈ ਤਾਂ ਉਹ ਆਪਣੇ ਬਾਕੀ ਸ਼ੌਂਕ ਮਾਰ ਕੇ ਹੀ ਖਰੀਦਦਾ ਹੈ ਅਤੇ ਆਮ ਲੋਕਾਂ ਨਾਲੋਂ ਵੱਧ ਕੰਮ ਕਰਕੇ ਖਰੀਦਦਾ ਹੈ l ਸਮਾਂ ਪਾ ਕੇ ਉਹ ਚੀਜ਼ਾਂ ਬਹੁਤ ਮਹਿੰਗੀਆਂ ਹੋ ਜਾਂਦੀਆਂ ਹਨ l

ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਜਦੋਂ ਕੋਈ ਦਰੱਖਤ ਲਗਾਉਂਦੇ ਹੋ, ਫਿਰ ਉਸ ਦੀ ਦੇਖਭਾਲ ਕਰਦੇ ਹੋ, ਕੁਦਰਤੀ ਆਫ਼ਤਾਂ ਤੋਂ ਬਚਾਉਂਦੇ ਹੋ, ਜਾਨਵਰਾਂ ਤੋਂ ਬਚਾਉਂਦੇ ਹੋ ਅਤੇ ਸ਼ਰਾਰਤੀ ਅਨਸਰਾਂ ਤੋਂ ਬਚਾਉਂਦੇ ਹੋ l ਬਾਦ ਵਿੱਚ ਵੱਡਾ ਹੋ ਕੇ ਉਹੀ ਦਰੱਖਤ ਫਲ ਦਿੰਦਾ ਹੈ, ਆਕਸੀਜਨ ਦਿੰਦਾ ਹੈ, ਛਾਂ ਦਿੰਦਾ ਹੈ ਅਤੇ ਸ਼ੁੱਧ ਵਾਤਾਵਰਣ ਦਿੰਦਾ ਹੈ l ਜਦੋਂ ਦਰੱਖਤ ਲਗਾਉਣ ਵਾਲਾ ਦੁਨੀਆਂ ਵਿੱਚ ਨਹੀਂ ਰਹਿੰਦਾ ਤਾਂ ਇਹ ਦਰੱਖਤ ਉਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਇਹ ਚੀਜ਼ਾਂ ਦਿੰਦਾ ਰਹਿੰਦਾ ਹੈ l

ਜੋਤਸ਼ੀਆਂ ਦੀ ਭਵਿੱਖਬਾਣੀ ਜਿਆਦਾ ਤੌਰ ਤੇ ਸੱਚੀ ਸਾਬਤ ਨਹੀਂ ਹੁੰਦੀ l ਮੈਂ ਵੀ ਉਸ ਭਵਿੱਖਬਾਣੀ ਤੇ ਯਕੀਨ ਨਹੀਂ ਕਰਦਾ l

ਕੁੱਝ ਭਵਿੱਖਬਾਣੀਆਂ ਵੱਖ ਵੱਖ ਡਾਟੇ ਦੇਖ ਕੇ ਕੀਤੀਆਂ ਜਾਂਦੀਆਂ ਹਨ ਜਾਂ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਕੀਤੀਆਂ ਜਾਂਦੀਆਂ ਹਨ l ਹਾਲਾਂਕਿ ਉਨ੍ਹਾਂ ਦੇ ਵੀ ਠੀਕ ਹੋਣ ਦੀ ਗਰੰਟੀ ਨਹੀਂ ਹੁੰਦੀ ਪਰ ਉਨ੍ਹਾਂ ਦੇ ਆਸਰੇ ਆਪਣੇ ਆਪ ਨੂੰ ਕੁੱਝ ਤਿਆਰ ਕੀਤਾ ਜਾ ਸਕਦਾ ਹੈ ਤਾਂ ਕਿ ਆਪਣੀ ਆਰਥਿਕਤਾ ਲਈ ਕੁੱਝ ਫੈਸਲੇ ਕੀਤੇ ਜਾ ਸਕਣ l

ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਕਰਨ ਲਈ ਜਾਂ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਜਾਣਕਾਰੀ ਹਾਸਿਲ ਕਰਨ ਲਈ ਬਹੁਤ ਜਿਆਦਾ ਸਮਾਂ ਅਤੇ ਪੈਸਾ ਖਰਚਿਆ ਜਾਂਦਾ ਹੈ l

ਸਾਰੀ ਜਾਣਕਾਰੀ ਕੋਲ ਆਉਣ ਦੇ ਬਾਵਯੂਦ ਵੀ ਬਹੁਤ ਥੋੜ੍ਹੇ ਲੋਕ ਉਸ ਜਾਣਕਾਰੀ ਦਾ ਫਾਇਦਾ ਉਠਾ ਸਕਦੇ ਹਨ ਕਿਉਂਕਿ ਵੱਡੀ ਗਿਣਤੀ ਨੂੰ ਉਸ ਭਵਿੱਖਬਾਣੀ ਤੇ ਯਕੀਨ ਹੀ ਨਹੀਂ ਹੁੰਦਾ l ਇਹੋ ਜਿਹੀਆਂ ਭਵਿੱਖਬਾਣੀਆਂ ਬਾਰੇ ਕੁੱਝ ਜਾਣਕਾਰੀ ਅਮੀਰਾਂ ਦੀਆਂ ਮਹਿਫ਼ਿਲਾਂ ਵਿੱਚੋਂ ਮਿਲ ਜਾਂਦੀ ਹੈ ਕਿਉਂਕਿ ਉਹ ਇਹ ਜਾਣਕਾਰੀਆਂ ਪਹਿਲਾਂ ਇਕੱਠੀਆਂ ਕਰਦੇ ਰਹਿੰਦੇ ਹਨ l

ਦੂਸਰੀ ਸੰਸਾਰ ਜੰਗ ਵੇਲੇ ਜਿਹੜੇ ਮੁਲਕ ਉਸ ਵੇਲੇ ਜੰਗ ਵਿੱਚ ਸ਼ਾਮਿਲ ਸੀ ਉਨ੍ਹਾਂ ਮੁਲਕਾਂ ਵਿੱਚ ਇਸ ਜੰਗ ਦੌਰਾਨ ਬਹੁਤ ਘੱਟ ਬੱਚੇ ਪੈਦਾ ਹੋਏ ਕਿਉਂਕਿ ਪਤਨੀਆਂ ਘਰਾਂ ਵਿੱਚ ਸਨ ਅਤੇ ਫੌਜੀ ਜੰਗ ਤੇ ਗਏ ਹੋਏ ਸੀ l ਜਦੋਂ ਜੰਗ ਖਤਮ ਹੋਈ ਉਦੋਂ ਫੌਜੀ ਆਪਣੇ ਘਰਾਂ ਨੂੰ ਵਾਪਿਸ ਮੁੜੇ ਤਾਂ ਬਹੁਤ ਵੱਡੀ ਅਬਾਦੀ ਨਵੇਂ ਜਨਮੇ ਬੱਚਿਆਂ ਦੀ ਪੈਦਾ ਹੋ ਗਈ l ਉਨ੍ਹਾਂ ਬੱਚਿਆਂ ਨੂੰ ਬੇਬੀ ਬੂਮਰਸ ਕਿਹਾ ਜਾਂਦਾ ਹੈ l

ਕਾਰੋਬਾਰੀ ਜਾਂ ਬਿਜਨਸਮੈਨ ਦੇ ਕਾਮਯਾਬ ਹੋਣ ਦਾ ਇੱਕ ਕਾਰਣ ਇਹ ਹੁੰਦਾ ਹੈ ਕਿ ਉਹ ਆਉਣ ਵਾਲੇ ਸਾਲਾਂ ਦੀ ਜਾਣਕਾਰੀ ਪਹਿਲਾਂ ਹਾਸਿਲ ਕਰ ਲੈਂਦਾ ਹੈ l ਇਸੇ ਤਰ੍ਹਾਂ ਉਸ ਵੇਲੇ (1945 ਤੋਂ 1960 ਦੇ ਵਿੱਚ) ਉਨ੍ਹਾਂ ਬੇਬੀ ਬੂਮਰਸ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਸ ਤਰ੍ਹਾਂ ਦੇ ਬਿਜਨਸ ਹੋਂਦ ਵਿੱਚ ਆਏ l ਉਨ੍ਹਾਂ ਬਿਜਨਸਾਂ ਨੇ ਕਾਫੀ ਤਰੱਕੀ ਕੀਤੀ ਕਿਉਂਕਿ ਉਨ੍ਹਾਂ ਕੋਲ ਗਾਹਕ ਬਹੁਤ ਸਨ l ਬਿਜਨਸਾਂ ਨੇ ਬੱਚਿਆਂ ਦੇ ਵਰਤਣ ਵਾਲਾ ਸਮਾਨ ਪੈਦਾ ਕੀਤਾ l ਜਿਸ ਤਰ੍ਹਾਂ ਬੱਚੇ ਵੱਡੇ ਹੋਏ ਉਨ੍ਹਾਂ ਦੇ ਵਰਤਣ ਵਾਲੇ ਕੱਪੜੇ, ਡਾਕਟਰ, ਸਕੂਲ ਆਦਿ ਹੋਂਦ ਵਿੱਚ ਆਏ l ਜਦੋਂ ਉਹ ਬੱਚੇ 17-18 ਸਾਲ ਦੀ ਉਮਰ ਦੇ ਹੋਏ ਤਾਂ ਟੇਕ ਅਵੇ, ਰੈਸਟੋਰੈਂਟ, ਖਾਣੇ ਦੀਆਂ ਦੁਕਾਨਾਂ ਅਤੇ ਹੋਰ ਸੁਪਰ ਮਾਰਕੀਟਾਂ ਆਦਿ ਹੋਂਦ ਵਿੱਚ ਆਈਆਂ l

ਕਿਸੇ ਵੀ ਸਰਕਾਰ ਨੂੰ ਏਨੀ ਅਬਾਦੀ ਨੂੰ ਨੌਕਰੀ ਦੇਣੀ ਔਖੀ ਸੀ l ਇਸ ਕਰਕੇ ਉਨ੍ਹਾਂ ਬੱਚਿਆਂ ਨੇ ਨੌਕਰੀਆਂ ਲੱਭਣ ਦੀ ਬਜਾਏ ਨੌਕਰੀਆਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ l ਉਨ੍ਹਾਂ ਵਿੱਚੋਂ ਕਈ ਕਾਰੋਬਾਰ ਹੋਂਦ ਵਿੱਚ ਆਏ ਜਿਵੇਂ ਮੈਕੇਨਿਕ, ਇਲੈਕਟ੍ਰਿਸ਼ਨ, ਪਲੰਬਰ, ਡਰੇਨ ਲੇਅਰ, ਕਾਰਪੈੱਟ ਲੇਅਰ, ਟਾਈਲ ਲੇਅਰ, ਬਿਲਡਰ, ਪੇਂਟਰ, ਰੂਫਰ, ਇੰਸੋਲੇਸ਼ਨ, ਫਾਇਰ ਪਲੇਸ ਲਗਾਉਣ ਵਾਲੇ, ਕਰਜ਼ਾ ਦੇਣ ਵਾਲੇ, ਕੰਕਰੀਟ ਲੇਅਰ ਅਤੇ ਸੜਕਾਂ ਬਣਾਉਣ ਵਾਲੇ ਆਦਿ l

ਹੁਣ ਉਨ੍ਹਾਂ ਬੇਬੀ ਬੂਮਰਸ ਦੀ ਉਮਰ 65 ਸਾਲ ਦੇ ਲਾਗੇ ਹੈ ਜੋ ਕਿ ਨਿਊਜ਼ੀਲੈਂਡ ਵਿੱਚ ਰਿਟਾਇਰਮੈਂਟ ਦੀ ਉਮਰ ਹੈ l ਇਸ ਕਰਕੇ ਰਿਟਾਇਰ ਹੋਣ ਵਾਲੇ ਦਿਨੋਂ ਦਿਨ ਨਿਊਜ਼ੀਲੈਂਡ ਵਿੱਚ ਵਧ ਰਹੇ ਹਨ l ਇਸ ਵੇਲੇ ਨਿਊਜ਼ੀਲੈਂਡ ਦੀ ਅਬਾਦੀ 51 ਲੱਖ ਦੇ ਲਾਗੇ ਹੈ l ਸੰਨ 2028 ਤੱਕ 65 ਤੋਂ 69 ਸਾਲ ਵਾਲੀ ਅਬਾਦੀ ਦੀ ਗਿਣਤੀ 10 ਲੱਖ ਤੋਂ ਵੱਧ ਹੋਣ ਦੀ ਆਸ ਹੈ ਜੋ ਇਸ ਤੋਂ ਅਗਲੇ ਸਾਲਾਂ ਵਿੱਚ ਹੋਰ ਵਧਣ ਦੀ ਆਸ ਹੈ l ਭਾਵ ਸੰਨ 2028 ਤੱਕ ਨਿਊਜ਼ੀਲੈਂਡ ਦੀ 18% ਤੋਂ ਉੱਪਰ ਅਬਾਦੀ ਬੁੱਢੇ ਲੋਕਾਂ ਦੀ ਜਾਂ ਰਿਟਾਇਰਡ ਲੋਕਾਂ ਦੀ ਹੋਣ ਦੀ ਉਮੀਦ ਹੈ l ਇਸ ਦੇ ਨਾਲ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਵਿਗਿਆਨਿਕ ਖੋਜਾਂ, ਵਧੀਆ ਇਲਾਜ ਅਤੇ ਬੁੱਢੇ ਲੋਕਾਂ ਨੂੰ ਵਧੀਆ ਸਹੂਲਤਾਂ ਵੀ ਉਨ੍ਹਾਂ ਨੂੰ ਹੋਰ ਲੰਬੀ ਜ਼ਿੰਦਗੀ ਦੇਣਗੇ ਜਿਸ ਦਾ ਭਾਵ ਹੈ ਕਿ ਹੋ ਸਕਦਾ ਹੈ ਕਿ ਕਦੇ ਰਿਟਾਇਰਮੈਂਟ ਉਮਰ ਵੀ 65 ਸਾਲ ਤੋਂ ਵਧਾ ਦਿੱਤੀ ਜਾਵੇ ਕਿਉਂਕਿ ਏਨੇ ਲੋਕਾਂ ਨੂੰ ਸਰਕਾਰ ਵਲੋਂ ਪੈਨਸ਼ਨ ਦੇਣੀ ਵੀ ਔਖੀ ਹੋ ਜਾਵੇਗੀ l

ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦਰ ਤਕਰੀਬਨ 4% ਜਾਂ 5% ਦੇ ਆਸ ਪਾਸ ਰਹਿੰਦੀ ਹੈ l ਇਸ ਕਰਕੇ ਜਿਹੜੇ 18% ਤੋਂ ਵੱਧ ਲੋਕ ਰਿਟਾਇਰ ਹੋਣੇ ਹਨ ਉਨ੍ਹਾਂ ਦੀਆਂ ਨੌਕਰੀਆਂ ਬੇਰੁਜ਼ਗਾਰ 5% ਅਬਾਦੀ ਨਹੀਂ ਭਰ ਸਕਦੀ l ਇਸ ਦਾ ਮਤਲਬ ਹੈ ਕਿ ਉਹ ਰੋਲ ਕਰਨ ਲਈ ਵਿਦੇਸ਼ਾਂ ਤੋਂ ਆਏ ਲੋਕ ਹੀ ਰੱਖਣੇ ਪੈਣਗੇ l ਉਹੀ ਲੋਕ ਛੋਟੇ ਕਾਰੋਬਾਰਾਂ ਨੂੰ ਖਰੀਦਣਗੇ ਅਤੇ ਸਾਂਭਣਗੇ l ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਚਾਹੁੰਦੀ ਹੈ ਉਸ ਨੂੰ ਨੌਕਰੀ ਲੱਭਣ ਦੀ ਬਜਾਏ ਕੋਈ ਨਾ ਕੋਈ ਸਕਿੱਲ ਹਾਸਿਲ ਕਰਨ ਦੀ ਲੋੜ ਹੈ l ਇੱਕ ਤੋਂ ਵੱਧ ਵੀ ਸਕਿੱਲ ਹਾਸਿਲ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਸਰਕਾਰੀ ਸਕੂਲ ਵਿੱਚੋਂ ਸਿਰਫ ਦਸ ਜਮਾਤਾਂ ਪਾਸ ਹੋਣ ਦੇ ਬਾਵਯੂਦ ਮੇਰੇ ਕੋਲ 5-6 ਸਕਿਲਾਂ (Skills) ਹਨ ਭਾਵੇਂ ਕਿ ਮੈਂ ਉਨ੍ਹਾਂ ਵਿੱਚੋਂ ਇੱਕ ਵੇਲੇ 2-3 ਸਕਿਲਾਂ ਹੀ ਵਰਤਦਾ ਹਾਂ l

ਇਸ ਦੇ ਨਾਲ ਹੋਰ ਦੇਖਣ ਦੀ ਲੋੜ ਹੈ ਕਿ ਜਿਹੜੇ ਲੋਕ 65 ਸਾਲ ਦੇ ਹੋਣ ਵਾਲੇ ਹਨ ਉਨ੍ਹਾਂ ਨੂੰ ਕੀ ਚਾਹੀਦਾ ਹੈ? ਉਨ੍ਹਾਂ ਨੂੰ ਕਸਰਤ, ਐੱਬੂਲੈਂਸ, ਮੈਡੀਕਲ, ਹਸਪਤਾਲਾਂ, ਨਰਸਾਂ, ਡਾਕਟਰਾਂ, ਨਿਊਟ੍ਰਿਸ਼ਨ ਪ੍ਰਡਕਟਾਂ, ਨਿਗ੍ਹਾ ਦੀਆਂ ਐਨਕਾਂ, ਸੁਣਨ ਵਾਲੀਆਂ ਡਿਵਾਇਸਾਂ, ਤੁਰਨ ਵਾਲੀਆਂ ਖੂੰਡ੍ਹੀਆਂ, ਸਹਾਰੇ ਨਾਲ ਤੁਰਨ ਵਾਲੇ ਵਾਕਰ, ਓਲਡ ਏਜ ਕੇਅਰ ਹੋਮਾਂ, ਰਹਿਣਯੋਗ ਛੋਟੇ ਘਰਾਂ ਅਤੇ ਪਬਲਿਕ ਟਰਾਂਸਪੋਰਟ ਦੀ ਲੋੜ ਹੈ l ਇਸ ਕਰਕੇ ਜਿਹੜੇ ਲੋਕ ਇਨ੍ਹਾਂ ਵਿੱਚੋਂ ਕੋਈ ਵੀ ਬਿਜਨਸ ਕਰਨਗੇ ਜਾਂ ਇਨ੍ਹਾਂ ਖੇਤਰਾਂ ਵਿੱਚ ਸਰਵਿਸ ਪਰਵਾਈਡ ਕਰਨਗੇ, ਉਨ੍ਹਾਂ ਦੇ ਕਾਮਯਾਬ ਹੋਣ ਦੀ ਵੱਧ ਆਸ ਹੈ l

ਲੋੜ ਹੈ ਆਉਣ ਵਾਲੇ ਸਮੇਂ ਵਾਸਤੇ ਪਹਿਲਾਂ ਖੋਜ ਕਰਨ ਦੀ ਤਾਂ ਕਿ ਅਸੀਂ ਪਹਿਲਾਂ ਉਸ ਲਈ ਤਿਆਰ ਹੋ ਸਕੀਏ ਅਤੇ ਆਪਣਾ ਭਵਿੱਖ ਸੁਨਹਿਰਾ ਕਰ ਸਕੀਏ l

ਇਸ ਸਭ ਲਈ ਬਹੁਤ ਜਿਆਦਾ ਪੜ੍ਹੇ ਹੋਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਰੱਬ ਅੱਗੇ ਮੱਥੇ ਟੇਕਣ ਜਾਂ ਸੁੱਖਾਂ ਸੁੱਖਣ ਦੀ ਲੋੜ ਹੈ l ਸਿਰਫ ਆਪਣੇ ਦਿਮਾਗ ਨੂੰ ਕੀ, ਕਿਉਂ, ਕਿੱਦਾਂ, ਕਿੱਥੇ ਅਤੇ ਕਿਵੇਂ ਵਰਗੇ ਸਵਾਲ ਕਰਨਾ ਸਿਖਾਉਣ ਦੀ ਲੋੜ ਹੈ ਤਾਂ ਕਿ ਦਿਮਾਗ ਆਪਣਾ ਕੰਮ ਠੀਕ ਤਰ੍ਹਾਂ ਜਾਰੀ ਰੱਖੇ l

ਨਿਊਜ਼ੀਲੈਂਡ ਵਿੱਚ ਇਸ ਸਮੇਂ ਘਰਾਂ ਉੱਪਰ ਲਏ ਕਰਜ਼ੇ ਦਾ ਵਿਆਜ਼ ਕਾਫੀ ਮਹਿੰਗਾ ਹੈ l ਇਹ ਮਹਿੰਗਾ ਵਿਆਜ਼ ਜੋ ਕੁੱਝ ਮਹੀਨੇ ਪਹਿਲਾਂ 7% ਤੋਂ ਉੱਪਰ ਸੀ ਉਹ ਅਗਲੇ ਸਾਲ ਦੇ ਅਖੀਰ ਤੱਕ ਘਟ ਕੇ 5% ਦੇ ਲਾਗੇ ਆਉਣ ਦੀ ਆਸ ਹੈ l ਭਾਵ ਜਿਨ੍ਹਾਂ ਜਿਆਦਾ ਕਰਜ਼ਾ ਲਿਆ ਹੋਵੇਗਾ ਜਾਂ ਜਿਨ੍ਹਾਂ ਕਰਜ਼ਾ ਲੈਣਾ ਹੋਵੇਗਾ ਉਨ੍ਹਾਂ ਨੂੰ ਵਿਆਜ਼ ਦਾ ਖਰਚਾ ਘੱਟ ਪਵੇਗਾ l ਇਸ ਦੇ ਨਾਲ ਨਾਲ ਮਹਿੰਗਾਈ ਤੋਂ ਵੀ ਰਾਹਤ ਮਿਲਣ ਦੀ ਆਸ ਹੈ l

ਨੋਟ :- ਇਹ ਲੇਖ ਸਿਰਫ ਆਪਣੇ ਤਜ਼ਰਬੇ ਤੇ ਅਧਾਰਤ ਹੈ l ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147