ਸੰਯੁਕਤ ਰਾਸ਼ਟਰ ਦੇ ਮੁਖੀ ਅੰਤਾਨੀਓ ਗੁਤੇਰਸ (Antonio Guterres) ਨੇ ਭਾਰਤ ਤੇ ਪਾਕਿਸਤਾਨ ਵਿਚਾਲੇ 1972 ਦੇ ਸ਼ਿਮਲਾ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਅਹਿਮ ਸਲਾਹ ਦਿੱਤੀ ਹੈ। ਉਨ੍ਹਾਂ ਆਖਿਆ ਹੈ ਕਿ ਦੋਵਾਂ ਮੁਲਕਾਂ ਨੂੰ ਕਸ਼ਮਰੀ ਮੁੱਦੇ ਦੇ ਅੰਤਮ ਹੱਲ ਲਈ ਸ਼ਾਂਤਮਈ ਢੰਗ ਨਾਲ ਸੰਯੁਕਤ ਰਾਸ਼ਟਰ (UN) ਦੇ ਚਾਰਟਰ ਤਹਿਤ ਮਨੁੱਖੀ ਅਧਿਕਾਰਾਂ ਨੂੰ ਆਦਰ ਦੇਣਾ ਚਾਹੀਦਾ ਹੈ। ਗੁਤੇਰਸ ਦਾ ਕਹਿਣਾ ਹੈ ਕਿ ਸ਼ਿਮਲਾ ਸਮਝੌਤੇ ਤਹਿਤ ਤੀਸਰੇ ਪੱਖ ਦੀ ਵਿਚੋਲਗੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਤੇਰਸ ਦੇ ਮੀਤ ਬੁਲਾਰੇ ਫ਼ਰਹਾਨ ਹੱਕ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਕਸ਼ਮੀਰ ’ਤੇ ਸਾਡੀ ਸਥਿਤੀ ਬਦਲੀ ਨਹੀਂ ਹੈ। ਹੱਕ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਇਕ ਫ਼ਲਸਤੀਨੀ ਪੱਤਰਕਾਰ ਦੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਪੰਜ ਸਾਲ ਬਾਅਦ ਦੀ ਸਥਿਤੀ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਵੀ ਦਿੱਤਾ। ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਥਿਤੀ ਇਸ ਦੇ ਚਾਰਟਰ ਤੇ ਸੁਰੱਖਿਆ ਪ੍ਰੀਸ਼ਦ ਦੀਆਂ ਤਜਵੀਜ਼ਾਂ ਨਾਲ ਬੱਝੀ ਹੈ। ਕਾਬਿਲੇ ਜ਼ਿਕਰ ਹੈ ਕਿ ਭਾਰਤ ਨੇ ਵਾਰ-ਵਾਰ ਪਾਕਿਸਤਾਨ ਨੂੰ ਦੱਸਿਆ ਹੋਇਆ ਹੈ ਕਿ ਕੇਂਦਰ ਸ਼ਾਸਤ ਸੂਬਾ ਜੰਮੂ-ਕਸ਼ਮੀਰ ਤੇ ਲੱਦਾਖ ਉਸ ਦਾ ਹਿੱਸਾ ਹੈ ਤੇ ਰਹੇਗਾ।