ਸੁਖਬੀਰ ਬਾਦਲ ਹੁਣ ਨਹੀ ਲੜਨਗੇ ਜ਼ਿਮਨੀ ਚੋਣ…
: ਗਿੱਦੜਬਾਹਾ ਦੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਹੈ। ਸਿਆਸੀ ਹਲਕਿਆਂ ਵਿਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸੁਖਬੀਰ ਬਾਦਲ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨਗੇ ਕਿਉਂਕਿ ਉਹਨਾਂ (Sukhbir badal) ਨੇ ਪਿਛਲੇ ਕਈ ਦਿਨਾਂ ਤੋਂ ਹਲਕੇ ਵਿਚ ਆਪਣੀਆਂ ਸਰਗਮੀਆਂ ਵਧਾਈਆਂ ਹੋਈਆਂ ਸਨ। ਸੁਖਬੀਰ ਬਾਦਲ ਦੇ ਭਰੋਸੇਮੰਦ ਰਹੇ ਡਿੰਪੀ ਢਿੱਲੋਂ(Dimpy Dhillon) ਵਲੋਂ ਪਾਰਟੀ ਨੂੰ ਅਲਵਿਦਾ ਕਹੇ ਜਾਣ ਕਾਰਨ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਸੁਖਬੀਰ ਬਾਦਲ ਨੇ ਡਿੰਪੀ ਢਿਲੋਂ ਵਲੋਂ ਵੱਖਰਾ ਰਾਹ ਅਖਤਿਆਰ ਕੀਤੇ ਜਾਣ ਕਾਰਨ ਚੋਣ ਲੜਨ ਦਾ ਫੈਸਲਾ ਫਿਲਹਾਲ ਵਾਪਸ ਲੈ ਲਿਆ ਹੈ। ਅਕਾਲੀ ਸੂਤਰ ਦੱਸਦੇ ਹਨ ਕਿ ਹੁਣ ਸੁਖਬੀਰ ਬਾਦਲ ਜ਼ਿਮਨੀ ਚੋਣ ਨਹੀਂ ਲੜਨਗੇ।ਅਕਾਲੀ ਦਲ(Akali dal) ਅੰਦਰ ਪਹਿਲਾਂ ਹੀ ਸੁਖਬੀਰ ਬਾਦਲ(Badal) ਦੀ ਲੀਡਰਸ਼ਿਪ ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾ ਸੁਖਬੀਰ ਬਾਦਲ ਦਾ ਸਾਥ ਛੱਡ ਚੁੱਕੇ ਹਨ ਅਤੇ ਉਹ ਲਗਾਤਾਰ ਲੀਡਰਸ਼ਿਪ ਵਿਚ ਬਦਲਾਅ ਲਈ ਦਬਾਅ ਬਣਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਹੇਠ ਬਾਗੀ ਅਕਾਲੀ ਆਗੂਆਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਦੁਆਬਾ ਅਤੇ ਮਾਲਵਾ ਦੇ ਕਈ ਜ਼ਿਲਿਆਂ ਵਿਚ ਅਕਾਲੀ ਦਲ ਦੇ ਕੇਡਰ ਨੂੰ ਕਾਫ਼ੀ ਖੋਰਾ ਲੱਗਿਆ ਹੈ। ਦੂਜੇ ਪਾਸੇ ਬਾਦਲ ਦੇ ਜੱਦੀ ਜ਼ਿਲੇ ਵਿਚ ਤੇ ਉਹਨਾਂ ਦੇ ਖਾਸਮਖਾਸ ਡਿੰਪੀ ਢਿੱਲੋਂ ਵਲੋਂ ਬਗਾਵਤ ਕੀਤੇ ਜਾਣ ਕਾਰਨ ਸਿਆਸੀ ਹਾਲਾਤ ਬਦਲ ਗਏ ਹਨ। ਇਹਨਾਂ ਹਾਲਾਤ ਵਿਚ ਸੁਖਬੀਰ ਬਾਦਲ ਦਾ ਜ਼ਿਮਨੀ ਚੋਣ ਲੜਨਾ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ। ਜੇਕਰ ਜ਼ਿਮਨੀ ਚੋਣ ਦੇ ਨਤੀਜ਼ੇ ਉਮੀਦ ਤੋਂ ਉਲਟ ਆ ਗਏ ਤਾਂ ਸੁਖਬੀਰ ਬਾਦਲ ਲਈ ਹੋਰ ਵੀ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਕਰਕੇ ਪਾਰਟੀ ਅੰਦਰ ਚੱਲ ਰਹੀ ਖਾਨਾਂਜੰਗੀ ਨੂੰ ਦੇਖਦੇ ਹੋਏ ਫਿਲਹਾਲ ਸੁਖਬੀਰ ਬਾਦਲ ਨੇ ਚੋਣ ਲੜਨ ਦਾ ਫੈਸਲਾ ਬਦਲ ਲਿਆ ਹੈ।ਹਲਕੇ ਦੇ ਬਦਲਦੇ ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਆਪਣਾ ਫੈਸਲਾ ਬਦਲਣ ਲਈ ਦਸ ਦਿਨਾਂ ਦਾ ਸਮਾਂ ਦਿੱਤਾ ਹੈ। ਸੁਖਬੀਰ ਨੇ ਢਿਲੋਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੇ ਜ਼ਿਮਨੀ ਚੋਣ ਵਿਚ ਉਮੀਦਵਾਰ ਹੋਣਗੇ ਪਰ ਆਪਣਾ ਫੈਸਲਾ ਬਦਲ ਲੈਣ। ਦੂਜੇ ਪਾਸੇ ਅਕਾਲੀ ਹਲਕਿਆਂ ਵਿਚ ਚਰਚਾ ਹੈ ਕਿ ਹੁਣ ਡਿੰਪੀ ਢਿੱਲੋਂ ਵਾਪਸ ਨਹੀਂ ਮੁੜਨਗੇ ਅਤੇ ਬਕਾਇਦਾ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਢਿੱਲੋਂ ਨੂੰ ਪਾਰਟੀ ਵਿਚ ਰਸਮੀ ਤੌਰ ’ਤੇ ਸ਼ਾਮਲ ਕਰਨਗੇ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ (AAP)ਦੀ ਲੀਡਰਸ਼ਿਪ ਨੇ ਡਿੰਪੀ ਢਿੱਲੋਂ ਨੂੰ ਜ਼ਿਮਨੀ ਚੋਣ ਲੜਾਉਣ ਦਾ ਭਰੋਸਾ ਦੇ ਦਿੱਤਾ ਹੈ ਅਤੇ ਉਹੀ ਗਿੱਦੜਬਾਹਾ ਤੋ ਉਮੀਦਵਾਰ ਹੋਣਗੇ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਜ਼ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਕਨਸੋਆਂ ਤੋਂ ਨਾਖੁਸ਼ ਹਨ। ਦੱਸਿਆ ਜਾਂਦਾ ਹੈ ਕਿ ਕੁੱਝ ਅਹੁਦੇਦਾਰਾਂ, ਵਲੰਟੀਅਰ ਨੇ ਪਾਰਟੀ ਦੇ ਕਈ ਸੀਨੀਅਰ ਅਹੁਦੇਦਾਰਾਂ ਕੋਲ ਮੰਗਲਵਾਰ ਨੂੰ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ ਪਰ ਆਮ ਆਦਮੀ ਪਾਰਟੀ ਹਰ ਹਾਲਤ ਵਿਚ ਇਹ ਚੋਣ ਜਿੱਤਣਾ ਚਾਹੁੰਦੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਇਹਨਾਂ ਵਲੰਟੀਅਰਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ।
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜ਼ਿਮਨੀ ਚੋਣ ਵਿਚ ਅਕਾਲੀ ਦਲ ਕਿਹੜੇ ਆਗੂ ਨੂੰ ਉਮੀਦਵਾਰ ਬਣਾਏਗਾ ਪਰ ਇਹ ਤੈਅ ਹੈ ਕਿ ਸੁਖਬੀਰ ਹੁਣ ਜਿ਼ਮਨੀ ਚੋਣ ਨਹੀਂ ਲੜਨਗੇ।