ਮਸ਼ਹੂਰ ਲੇਖਕ ਈਸ਼ਰ ਸਿੰਘ ਸੋਬਤੀ ਐਤਵਾਰ ਨੂੰ ਸਵੇਰੇ 105 ਸਾਲ ਤੋਂ ਵੱਧ ਉਮਰ ਗੁਜ਼ਾਰ ਕੇ ਸੁਰਗਵਾਸ ਹੋ ਗਏ ਹਨ। ਸੋਬਤੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੇਖਕ ਕਰਮਜੀਤ ਸਿੰਘ ਔਜਲਾ, ਮਿੱਤਰ ਸੈਨ ਮੀਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।ਈਸ਼ਰ ਸਿੰਘ ਸੋਬਤੀ ਦਾ 100ਵਾਂ ਜਨਮ ਦਿਨ ਲੁਧਿਆਣਾ ਦੇ ਲੇਖਕਾਂ ਨੇ ਪਰਿਵਾਰ ਦੀ ਸਹਾਇਤਾ ਨਾਲ 2019 ਵਿੱਚ ਡਾ. ਐੱਸਐੱਸ ਜੌਹਲ ਦੀ ਅਗਵਾਈ ਵਿੱਚ ਪੰਜਾਬੀ ਭਵਨ ਅਤੇ ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਮਨਾਇਆ ਸੀ। ਉਨ੍ਹਾਂ ਦੇ ਸਪੁੱਤਰਾਂ ਡਾ. ਸਤਿੰਦਰ ਸਿੰਘ ਸੋਬਤੀ, ਡਾ. ਭਾਰਤਬੀਰ ਸਿੰਘ ਸੋਬਤੀ ਤੇ ਪ੍ਰਭਜੀਤ ਸਿੰਘ ਸੋਬਤੀ ਅਨੁਸਾਰ ਈਸ਼ਰ ਸਿੰਘ ਸੋਬਤੀ ਦਾ ਅੰਤਿਮ ਸਸਕਾਰ 2 ਸਤੰਬਰ ਸਵੇਰੇ 11.30 ਵਜੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗਾ। ਈਸ਼ਰ ਸਿੰਘ ਸੋਬਤੀ ਦਾ ਜਨਮ 15 ਮਈ 1919 ਨੂੰ ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਮੀਰ ਪੁਰ ਖਾਸ ਵਿੱਚ ਹੋਇਆ ਸੀ। ਸੋਬਤੀ ਨੇ 9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਅੰਗਰੇਜ਼ੀ, ਇੱਕ ਉਰਦੂ ਅਤੇ ਸੱਤ ਪੰਜਾਬੀ ਵਿਚ ਹਨ। ਆਪ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਸੱਭਿਆਚਾਰ ਅਕਾਦਮੀ ਤੇ ਸਿਰਜਣਧਾਰਾ ਦੇ ਵੀ ਜੀਵਨ ਮੈਂਬਰ ਸਨ।