ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਇਕ ਨੌਜਵਾਨ ਵੱਲੋਂ ਆਪਣੀ 24 ਦਿਨ ਪਹਿਲਾਂ ਵਿਆਹ ਕੇ ਲਿਆਂਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਲੱਖਾ (ਹਠੂਰ) ਨੇ ਦੱਸਿਆ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਦਾ ਵਿਆਹ ਪਿੰਡ ਨਾਰਾਇਣਗੜ੍ਹ ਸੋਹੀਆਂ ਦੇ ਹਰਮਨਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਨਾਲ 24 ਦਿਨ ਪਹਿਲਾਂ ਹੀ 25 ਅਗਸਤ 2024 ਨੂੰ ਹੋਇਆ ਸੀ। ਮ੍ਰਿਤਕਾ ਜਸਪ੍ਰੀਤ ਕੌਰ ਆਈਲੈਟਸ ਪਾਸ ਸੀ ਅਤੇ ਉਸ ਦਾ ਕੈਨੇਡਾ ਦਾ ਵੀਜ਼ਾ ਵੀ ਆ ਚੁੱਕਾ ਸੀ, ਪਰ ਬੁੱਧਵਾਰ ਦੀ ਰਾਤ ਨੂੰ ਹਰਮਨਪ੍ਰੀਤ ਸਿੰਘ ਨੇ ਜਸਪ੍ਰੀਤ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਇਸ ਮਾਮਲੇ ਸਬੰਧੀ ਡੀ.ਐੱਸ.ਪੀ. ਮਹਿਲ ਕਲਾਂ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਸ ਵੱਲੋਂ ਤੁਰੰਤ ਮੌਕੇ ’ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਫੋਰੈਂਸਿਕ ਟੀਮਾਂ ਰਾਹੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਜਸਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਸੁਹਰੇ ਪਰਿਵਾਰ ’ਚ ਮ੍ਰਿਤਕ ਦੇ ਪਤੀ ਹਰਮਨਪ੍ਰੀਤ ਸਿੰਘ, ਸੱਸ ਗੁਰਮੀਤ ਕੌਰ, ਸੁਹਰਾ ਰਾਜਾ ਸਿੰਘ ਅਤੇ ਹਰਮਨਪ੍ਰੀਤ ਦੇ ਤਾਏ ਦੀ ਲੜਕੀ ਸੁੱਖ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।