Home » Russia-Ukraine War 33 ਮਹੀਨੇ ਪੂਰੇ ਕਰ ਚੁੱਕੀ ਜੰਗ ਨਾਜ਼ੁਕ ਦੌਰ ’ਚ, ਪੁਤਿਨ ਨੇ ਪੋਲੈਂਡ ਸਥਿਤ ਅਮਰੀਕੀ ਏਅਰਬੇਸ ਨੂੰ ਉਡਾਉਣ ਦੀ ਦਿੱਤੀ ਧਮਕੀ…
Home Page News World World News

Russia-Ukraine War 33 ਮਹੀਨੇ ਪੂਰੇ ਕਰ ਚੁੱਕੀ ਜੰਗ ਨਾਜ਼ੁਕ ਦੌਰ ’ਚ, ਪੁਤਿਨ ਨੇ ਪੋਲੈਂਡ ਸਥਿਤ ਅਮਰੀਕੀ ਏਅਰਬੇਸ ਨੂੰ ਉਡਾਉਣ ਦੀ ਦਿੱਤੀ ਧਮਕੀ…

Spread the news

 ਦੋ ਦਿਨ ਪਹਿਲਾਂ 1,000 ਦਿਨ ਪੂਰੇ ਕਰਨ ਵਾਲੀ ਰੂਸ-ਯੂਕਰੇਨ ਜੰਗ ਹੁਣ ਨਾਜ਼ੁਕ ਦੌਰ ’ਚ ਪਹੁੰਚ ਚੁੱਕੀ ਹੈ। ਪਰਮਾਣੂ ਜੰਗ ਛਿੜਨ ਦੇ ਆਸਾਰ ਦਿਨ-ਬ-ਦਿਨ ਗਹਿਰਾਉਂਦੇ ਜਾ ਰਹੇ ਹਨ। ਇਤਿਹਾਸ ’ਚ ਪਹਿਲੀ ਵਾਰ ਰੂਸ ਨੇ ਯੂਕਰੇਨ ’ਤੇ ਬਹੁਤ ਖ਼ਤਰਨਾਕ ਮੰਨੀ ਜਾਣ ਵਾਲੀ ਲੰਬੀ ਦੂਰੀ ਦੀ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਦਾਗੀ। ਯੂਕਰੇਨ ਵਲੋਂ ਦੋ ਦਿਨ ਪਹਿਲਾਂ ਅਮਰੀਕੀ ਏਟੀਏਸੀਏਐੱਮਐੱਸ ਮਿਜ਼ਾਈਲ ਤੇ ਉਸ ਤੋਂ ਬਾਅਦ ਬਰਤਾਨੀਆ ਦੀ ਲੰਬੀ ਦੂਰੀ ਦੀ ਸਟਾਰਮ ਸ਼ੈਡੋ ਮਿਜ਼ਾਈਲ ਰੂਸ ’ਤੇ ਦਾਗਣ ਦੇ ਜਵਾਬ ’ਚ ਰੂਸ ਨੇ ਇਹ ਸਖ਼ਤ ਕਦਮ ਚੁੱਕਿਆ। ਵੈਸੇ ਅਮਰੀਕਾ ਵਲੋਂ ਯੂਕਰੇਨ ਨੂੰ ਐਂਟੀ ਪਰਸਨਲ ਲੈਂਡ ਮਾਈਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ’ਚ ਵੀ ਅੱਗ ’ਚ ਘਿਓ ਦਾ ਕੰਮ ਕੀਤਾ ਹੈ। ਆਈਸੀਬੀਐੱਮ ਦੀ ਵਰਤੋਂ ਕਰਨ ਦੇ ਨਾਲ ਹੀ ਰੂਸ ਨੇ ਪੱਛਮੀ ਦੇਸ਼ਾਂ ਨੂੰ ਵੱਡਾ ਸੰਦੇਸ਼ ਦਿੱਤਾ ਕਿ ਉਹ ਵੱਡੇ ਕਦਮ ਚੁੱਕਣ ਤੋਂ ਡਰੇਗਾ ਨਹੀਂ। ਇਹੀ ਨਹੀਂ, ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਪੋਲੈਂਡ ਸਥਿਤ ਅਮਰੀਕੀ ਏਅਰਬੇਸ ਨੂੰ ਤਬਾਹ ਕਰਨ ਦੀ ਧਮਕੀ ਵੀ ਦਿੱਤੀ ਹੈ। ਯੂਕਰੇਨ ਦੀ ਹਵਾਈ ਫ਼ੌਜ ਨੇ ਦਾਅਵਾ ਕੀਤਾ ਕਿ ਰੂਸ ਨੇ ਵੀਰਵਾਰ ਨੂੰ ਯੂਕਰੇਨੀ ਸ਼ਹਿਰ ਨਿਪਰੋ ’ਤੇ ਹਮਲੇ ਦੌਰਾਨ ਇਕ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾਗੀ। ਇਸ ਨੂੰ ਕੈਸਪੀਅਨ ਸਾਗਰ ਦੀ ਸਰਹੱਦ ’ਤੇ ਸਥਿਤ ਰੂਸ ਦੇ ਆਸਤਰਖਾਨ ਖੇਤਰ ਤੋਂ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਅੱਠ ਹੋਰ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ਰੂਸ ਨੇ ਨਿਪਰੋ ਸ਼ਹਿਰ ਦੇ ਮੱਧ ਪੂਰਬੀ ਖੇਤਰ ’ਚ ਮੌਜੂਦ ਉਦਯੋਗਾਂ ਤੇ ਮਹੱਤਵਪੂਰਣ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਕਈ ਥਾਵਾਂ ’ਤੇ ਅੱਗ ਲੱਗ ਗਈ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਯੂਕਰੇਨ ਦੀਆਂ ਹਵਾਈ ਸੁਰੱਖਿਆ ਪ੍ਰਣਾਲੀਆਂ ਨੇ ਇਸ ਹਮਲੇ ਦੌਰਾਨ ਛੇ ਕੇਐੱਚ-101 ਕਰੂਜ਼ ਮਿਜ਼ਾਈਲਾਂ ਨੂੰ ਤਬਾਹ ਕੀਤਾ। ਓਧਰ, ਰੂਸ ਨੇ ਆਈਸੀਬੀਐੱਮ ਮਿਜ਼ਾਈਲ ਨਾਲ ਹਮਲੇ ਕਰਨ ਦੇ ਯੂਕਰੇਨ ਦੇ ਦੋਸ਼ਾਂ ’ਤੇ ਚੁੱਪ ਰੱਖੀ। ਇਹ ਪੁੱਛੇ ਜਾਣ ’ਤੇ ਕਿ ਕੀ ਮਾਸਕੋ ਨੇ ਮਿਜ਼ਾਈਲ ਦਾਗੀ ਹੈ? ਇਸ ’ਤੇ ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਿਸ਼ੇ ’ਤੇ ਕੁਝ ਨਹੀਂ ਕਹਿਣਾ। ਦੱਸਣਯੋਗ ਹੈ ਕਿ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ ਨੂੰ ਪਰਮਾਣੂ ਹਥਿਆਰ ਲਿਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। ਰੂਸ ਨੇ ਯੂਕਰੇਨ ਦੇ ਨਿਪਰੋ ਸ਼ਹਿਰ ’ਤੇ ਜਿਹੜੀ ਆਈਸੀਬੀਐੱਮ ਦਾਗੀ, ਉਹ ਆਰਐੱਸ-26 ਰੂਬੇਜ਼ ਸੀ। ਆਰਮਜ਼ ਕੰਟਰੋਲ ਐਸੋਸੀਏਸ਼ਨ ਦੇ ਮੁਤਾਬਕ, ਠੋਸ ਈਧਨ ਵਾਲੀ ਆਰਐੱਸ-26 ਦੀ ਮਾਰਕ ਸਮਰੱਥਾ 5800 ਕਿਲੋਮੀਟਰ ਹੈ। ਹਾਲਾਂਕਿ, ਕੁਝ ਆਈਸੀਬੀਐੱਮ ਦੀ ਰੇਂਜ ਨੌਂ ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਹੁੰਦੀ ਹੈ। ਆਈਸੀਬੀਐੱਮ ਨੂੰ ਸਾਇਲੋ ਜਾਂ ਮੋਬਾਈਲ ਵਾਹਨਾਂ ਤੋਂ ਲਾਂਚ ਕੀਤਾ ਜਾਂਦਾ ਹੈ। ਠੋਸ ਈਂਧਨ ਵਾਲੀ ਆਈਸੀਬੀਐੱਮ ਨੂੰ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਅਮਰੀਕੀ ਮਿਜ਼ਾਈਲਾਂ ਦੇ ਇਸਤੇਮਾਲ ਦਾ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਯੂਕਰੇਨ ਹੋਰ ਹਮਲਾਵਰ ਹੋ ਚੁੱਕਾ ਹੈ ਤੇ ਰੂਸ ’ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਇਸੇ ਕਾਰਨ ਰੂਸੀ ਰਾਸ਼ਟਰਪਤੀ ਪੁਤਿਨ ਨੇ ਆਪਣੇ ਦੇਸ਼ ਦੇ ਨਵੇਂ ਪਰਮਾਣੂ ਸਿਧਾਂਤ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਕਿਸੇ ਪਰਮਾਣੂ ਮਹਾਸ਼ਕਤੀ ਜਾਂ ਨਾਟੋ ਦੇਸ਼ ਦੇ ਸਮਰਥਨ ਨਾਲ ਰੂਸ ਜਾਂ ਉਸ ਦੇ ਦੋਸਤ ਦੇਸ਼ ਬੇਲਾਰੂਸ ’ਤੇ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ, ਹਵਾਈ ਜਹਾਜ਼ਾਂ ਤੇ ਡ੍ਰੋਨਾਂ ਨਾਲ ਕੀਤੇ ਹਮਲਿਆਂ ਦਾ ਜਵਾਬ ਰੂਸ ਪਰਮਾਣੂ ਹਮਲੇ ਨਾਲ ਦੇ ਸਕਦਾ ਹੈ।