ਬੀਤੇ ਐਤਵਾਰ ਦੇ ਦੀਵਾਨ ‘ਚ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਇੱਕ ਹਿੰਦੂ ਨੌਜਵਾਨ ਨੇ ਅਚਾਨਕ ਭਰੇ ਦੀਵਾਨ ‘ਚ ਰੁਮਾਲ ਲਾਹ ਕੇ ਸੁੱਟ ਦਿੱਤਾ ਤੇ ਹਿੰਦੂਵਾਦੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੌਕੇ ‘ਤੇ ਹਾਜ਼ਰ ਸੰਗਤ ਵਲੋਂ ਉਸਨੂੰ ਬਾਹਰ ਕੱਢ ਦਿੱਤਾ ਗਿਆ ਪਰ ਉਹ ਫਿਰ ਅੰਦਰ ਆ ਗਿਆ। ਉਸਨੂੰ ਦੁਬਾਰਾ ਫੜ ਕੇ ਲੰਗਰ ਹਾਲ ਦੇ ਪਿੱਛੇ ਲਿਜਾਇਆ ਗਿਆ ਅਤੇ ਪੁਲਿਸ ਸੱਦ ਕੇ ਗ੍ਰਿਫਤਾਰ ਕਰਵਾ ਦਿੱਤਾ ਗਿਆ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗ੍ਰਿਫਤਾਰੀ ਤੋਂ ਪਹਿਲਾਂ ਇਹ ਨੌਜਵਾਨ ਅਜਿਹੀਆਂ ਹਰਕਤਾਂ ਕਰਨ ਲੱਗਾ, ਜਿਸ ਤਰਾਂ ਭੂਤ ਜਾਂ ਬਾਬੇ ਆਉਣ ਵਾਲੇ ਮਾਨਸਿਕ ਰੋਗੀ ਅਕਸਰ ਕਰਦੇ ਹੁੰਦੇ ਹਨ।ਕੁਝ ਹਫਤੇ ਪਹਿਲਾਂ ਵੀ ਅਜਿਹਾ ਹੋ ਚੁੱਕਾ। ਗੁਰਦੁਆਰਾ ਪ੍ਰਬੰਧਕਾਂ ਨੂੰ ਸ਼ੱਕ ਹੈ ਕਿ ਇਹ ਕਿਸੇ ਮਾਨਸਿਕ ਰੋਗੀ ਦਾ ਕਿੱਸਾ ਨਹੀਂ ਬਲਕਿ ਜਾਣਬੁੱਝ ਕੇ ਖਲਲ ਪਾਉਣ ਦੀ ਕੋਈ ਸ਼ਰਾਰਤ ਹੈ। ਕੱਲ੍ਹ ਨੂੰ ਜੇਕਰ ਸੰਗਤ ‘ਚੋਂ ਕਿਸੇ ਨੇ ਕਨੂੰਨ ਹੱਥ ‘ਚ ਲੈ ਲਿਆ ਤਾਂ ਵੀ ਸਿੱਖਾਂ ਦੀ ਹੀ ਬਦਨਾਮੀ ਕੀਤੀ ਜਾਵੇਗੀ।
ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਸਦੇ ਫੋਨ ਵਿੱਚੋਂ ਕੁਝ ਮਹੀਨੇ ਪਹਿਲਾਂ ਟਰਾਂਟੋ ‘ਚ ਹੋਏ ਹਿੰਦੂ-ਸਿੱਖ ਵਿਵਾਦ ਦੀਆਂ ਵੀਡੀਓਜ਼ ਸਨ। ਇਸਤੋਂ ਇਲਾਵਾ ਫੋਨ ‘ਚੋਂ ਲੱਭਾ ਕਿ ਉਹ ਕੁਝ ਭੜਕਾਊ ਵੱਟਸਅਪ ਗਰੁੱਪਾਂ ‘ਚ ਵੀ ਸ਼ਾਮਲ ਸੀ।
ਉਸਨੇ ਮੌਕੇ ‘ਤੇ ਕਿਹਾ ਕਿ ਮੈਨੂੰ ਕਿਸੇ ਨੇ ਇੱਥੇ ਭੇਜਿਆ ਹੈ ਕਿ ਤੂੰ ਉੱਥੇ ਜਾ ਕੇ ਰੌਲਾ ਪਾ ਤੇ ਸਿੱਖ ਤੇਰਾ ਸਿਰ ਲਾਹ ਦੇਣਗੇ, ਇਸ ਤਰਾਂ ਤੂੰ ਹਿੰਦੂਆਂ ਦਾ ਸ਼ਹੀਦ ਬਣ ਜਾਵੇਂਗਾ। ਇਸ ਵਾਰਤਾ ਦੇ ਅਨੇਕਾਂ ਗਵਾਹ ਮੌਜੂਦ ਹਨ।
ਇੱਕ ਚਸ਼ਮਦੀਦ ਗਵਾਹ ਮੁਤਾਬਕ ਉਸਨੇ ਇਹੀ ਗੱਲ ਪੁਲਿਸ ਨੂੰ ਵੀ ਕਹੀ।
ਪ੍ਰਬੰਧਕਾਂ ਨੇ ਸੰਗਤ ਨੂੰ ਵਧੇਰੇ ਖਿਆਲ ਅਤੇ ਸਹਿਜ ਰੱਖਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਪੁਲਿਸ ਨੂੰ ਗੰਭੀਰਤਾ ਨਾਲ ਇਹ ਮਸਲਾ ਵਿਚਾਰਨ ਦੀ ਅਪੀਲ ਕੀਤੀ ਹੈ।
ਅਜਿਹਾ ਕਿਸੇ ਹੋਰ ਥਾਂ ਵੀ ਹੋ ਸਕਦਾ ਹੈ, ਇਸ ਲਈ ਹੋਰ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਖਿਆਲ ਰੱਖਣ।
Add Comment