Home » ਹੋਲੇ ਮਹੱਲੇ ਦੌਰਾਨ ਟਰੈਕਟਰਾਂ ਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ, ਸਖਤ ਹਿਦਾਇਤਾਂ ਜਾਰੀ….
Home Page News India India News

ਹੋਲੇ ਮਹੱਲੇ ਦੌਰਾਨ ਟਰੈਕਟਰਾਂ ਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ, ਸਖਤ ਹਿਦਾਇਤਾਂ ਜਾਰੀ….

Spread the news

ਹਰ ਸਾਲ ਵਾਂਗ ਇਸ ਸਾਲ ਵੀ ਕੌਮੀ ਤਿਉਹਾਰ ਹੋਲਾ ਮਹੱਲਾ ਇਸ ਵਾਰ 10 ਮਾਰਚ ਤੋਂ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ‘ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਦੀ ਹੈ। ਅੱਜ ਤੋਂ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਗਈ। ਪਰ ਇਸ ਦੌਰਾਨ ਸੰਗਤਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਟਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਆਪਣੇ-ਆਪਣੇ ਜ਼ਿਲ੍ਹੇ ਦੇ ਥਾਣਿਆਂ ਦੇ ਮੁੱਖ ਅਫਸਰਾਂ ਅਤੇ ਟਰੈਫਿਕ ਇੰਚਾਰਜਾਂ ਰਾਹੀਂ ਟਰੱਕ ਯੂਨੀਅਨਾਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹਿਦਾਇਤਾਂ ਦੇ ਦੇਣ ਕਿ ਕੋਈ ਵੀ ਡਬਲ ਡੈਕਰ ਟਰੱਕ, ਵਾਹਨ, ਟਰੈਕਟਰ-ਟਰਾਲੀ ‘ਤੇ ਲੱਗੇ ਵੱਡੇ ਸਪੀਕਰ, ਮੋਟਰਸਾਈਕਲਾਂ ’ਤੇ ਪ੍ਰੈਸ਼ਰ ਹਾਰਨ ਤੇ ਬਿਨਾਂ ਸਾਈਲੈਂਸਰ ਵਾਲੇ ਮੋਟਰਸਾਈਕਲ ਚਾਲਕ ਹੋਲਾ ਮਹੱਲਾ ਦੌਰਾਨ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨਾ ਆ ਸਕਣ।

ਉਨ੍ਹਾਂ ਕਿਹਾ ਕਿ ਸਾਲ 2023 ਵਿਚ ਹੋਲਾ-ਮਹੱਲਾ ਦੌਰਾਨ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦਾ ਕਾਰਨ ਕੇਵਲ ਟਰੈਕਟਰ ਲਾਊਡ ਸਪੀਕਰ ਸੀ, ਜਿਸ ਲਈ ਉਨ੍ਹਾਂ ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸੇ ਵੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਪੀਕਰਾਂ ਨੂੰ ਮੌਕੇ ‘ਤੇ ਹੀ ਵਾਹਨਾਂ ਤੋਂ ਹਟਾ ਕੇ ਅੱਗੇ ਭੇਜਿਆ ਜਾਵੇਗਾ। ਗੁਲਨੀਤ ਖੁਰਾਣਾ ਨੇ ਦੱਸਿਆ ਕਿ ਹੋਲਾ-ਮਹੱਲਾ ਮੇਲੇ ਦੌਰਾਨ ਸਪੀਕਰਾਂ ਦੇ ਸ਼ੋਰ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਪ੍ਰੇਸ਼ਾਨੀ ਨਾ ਹੋਣ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਮੇਲੇ ਦੌਰਾਨ ਡਬਲ ਡੈਕਰ ਟਰੱਕ ਜਾਂ ਕਿਸੇ ਵੀ ਸਪੀਕਰ ਵਾਲੇ ਵਾਹਨਾਂ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।