Home » ਗੁਰਦੁਆਰਾ ਬੰਗਲਾ ਸਾਹਿਬ ’ਚ 10 ਸਾਲਾਂ ਬਾਅਦ ਸਰੋਵਰ ਦੀ ਸਫਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਹੋਈ ਸ਼ੁਰੂ…
Home Page News India India News Religion

ਗੁਰਦੁਆਰਾ ਬੰਗਲਾ ਸਾਹਿਬ ’ਚ 10 ਸਾਲਾਂ ਬਾਅਦ ਸਰੋਵਰ ਦੀ ਸਫਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਹੋਈ ਸ਼ੁਰੂ…

Spread the news

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤਕਰੀਬਨ 10 ਸਾਲ ਦੇ ਅਰਸੇ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਤੇ ਫਿਰ ਸੇਵਾ ਦੀ ਆਰੰਭਤਾ ਹੋਈ। ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਰਵੀ ਜੀ ਸਮੇਤ ਸਮੁੱਚੀ ਟੀਮ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਮੁਕੰਮਲ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਸੰਗਤ  ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਸੇਵਾ ਉਹਨਾਂ ਦੇ ਹਿੱਸੇ ਆਉ਼ਦੀ ਹੈ ਜੋ ਗੁਰੂ ਦਾ ਜੱਸ ਗਾਇਨ ਕਰਦੇ ਹਨ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਨੂੰ ਸੁਭਾਗਾ ਸਮਾਂ ਮਿਲਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਸੇਵਾ ਅੱਜ 10 ਸਾਲ ਬਾਅਦ ਸ਼ੁਰੂ ਹੋ ਰਹੀ ਹੈ। ਉਹਨਾਂ ਕਿਹਾ ਕਿ ਸੰਗਤਾਂ ਵਿਚ ਬਹੁਤ ਸ਼ਰਧਾ ਭਾਵਨਾ  ਹੈ ਕਿ 10 ਸਾਲ ਬਾਅਦ ਇਹ ਸੇਵਾ ਹੋ ਰਹੀ ਹੈ, ਉਸ ਵਿਚ ਗੁਰੂ ਸਾਹਿਬ ਦੀ ਬਾਣੀ ਪੜ੍ਹਦਿਆਂ ਸੇਵਾ ਕਰ ਸਕਣ। ਉਹਨਾਂ ਕਿਹਾ ਕਿ ਇਸ ਸੇਵਾ ਸਦਕਾ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਤੇ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਉਹਨਾਂ ਕਿਹਾ ਇਸ ਪਵਿੱਤਰ ਸਥਾਨ ਉਤੇ ਬੈਠ ਕੇ ਹੀ ਗੁਰੂ ਸਾਹਿਬ ਨੇ ਸੰਗਤਾ ਨੂੰ ਉਸ ਵੇਲੇ ਚੇਚਕ ਦੀ ਮਹਾਮਾਰੀ ਤੋਂ ਨਿਜਾਤ ਦਵਾਈ ਸੀ। ਉਹਨਾਂ ਕਿਹਾ ਕਿ ਜੋ ਕੋਈ ਵੀ ਇਸ ਅਸਥਾਨ ’ਤੇ ਆ ਕੇ ਨਤਮਸਤਕ ਹੁੰਦਾ ਹੈ ਤੇ ਗੁਰੂ ਦੀ ਚਰਨੀਂ ਲੱਗਦਾ ਹੈ ਤਾਂ ਇਥੇ ਆ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬਖਸ਼ਿਸ਼ ਮਿਲਦੀ ਹੈ। ਉਹਨਾਂ ਕਿਹਾ ਕਿ ਉਹ ਸੰਗਤਾਂ ਨੂੰ ਵਧਾਈ ਦਿੰਦੇ ਹਨ ਜੋ ਵੱਡਭਾਗੀਆਂ ਹਨ ਜਿਹਨਾਂ ਨੂੰ ਇਸ ਕਾਰ ਸੇਵਾ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਹੈ ਅਤੇ ਸੇਵਾ ਵਿਚ ਹਿੱਸਾ ਲੈਣ ਮਗਰੋਂ ਉਹਨਾਂ ਦਾ ਜੀਵਨ ਸਫਲਾ ਹੋ ਜਾਵੇਗਾ। ਉਹਨਾਂ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਇਤਿਹਾਸਕ ਮੌਕੇ ਦਾ ਲਾਭ ਲੈ ਕੇ ਕਾਰ ਸੇਵਾ ਵਿਚ ਹਿੱਸਾ ਲੈ ਕੇ ਆਪਣਾ ਜੀਵਨ ਸਫਲਾ ਕਰਨ।ਕਾਰ ਸੇਵਾ ਦੀ ਆਰੰਭਤਾ ਦੇ ਮੌਕੇ ਤੇ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ  ਅਤੇ ਦਿੱਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਸ਼ਮੂਲੀਅਤ ਪਾ ਕੇ ਸੇਵਾ ਕੀਤੀ।  ਸ੍ਰ ਸਿਰਸਾ ਨੇ ਸਫਾਈ ਦੀ ਸੇਵਾ ਵਿਚ ਹਿੱਸਾ ਲੈਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਆਪ ਨੂੰ ਵਡਭਾਗਾ ਦੱਸਿਆ। ਉਹਨਾਂ ਕਿਹਾ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ ਕਿ ਗੁਰੂ ਸਾਹਿਬ ਨੇ ਇਹ ਸੇਵਾ ਉਹਨਾਂ ਦੀ ਝੋਲੀ ਪਾਈ ਹੈ।