Home » ਪੰਜਾਬ ’ਚ ਆਏ 50 ਬੰਬ’ ਬਿਆਨ ’ਤੇ ਬਾਜਵਾ ਤੋਂ ਹੋਈ ਕਈ ਘੰਟੇ ਪੁੱਛਗਿੱਛ…
Home Page News India India News

ਪੰਜਾਬ ’ਚ ਆਏ 50 ਬੰਬ’ ਬਿਆਨ ’ਤੇ ਬਾਜਵਾ ਤੋਂ ਹੋਈ ਕਈ ਘੰਟੇ ਪੁੱਛਗਿੱਛ…

Spread the news


ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ‘ਪੰਜਾਬ ’ਚ 50 ਬੰਬ ਆਏ’ ਬਿਆਨ ’ਤੇ ਪੰਜਾਬ ਦੀ ਸਿਆਸਤ ਗੂੰਜਦੀ ਰਹੀ ਹੈ। ਮੰਗਲਵਾਰ ਨੂੰ ਸਾਰਾ ਦਿਨ ਹੰਗਾਮੇਦਾਰ ਰਿਹਾ। ਬਾਜਵਾ ਦੁਪਹਿਰ ਸਾਈਬਰ ਥਾਣੇ ’ਚ ਪੇਸ਼ ਹੋਏ ਜਿੱਥੇ ਪੁਲਿਸ ਨੇ ਉਨ੍ਹਾਂ ਤੋਂ 5 ਘੰਟੇ 25 ਮਿੰਟ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਬਾਹਰ ਆ ਕੇ ਬਾਜਵਾ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ। ਇਸ ਦੇ ਨਾਲ ਹੀ ਬਾਜਵਾ ਨੇ ਆਪਣੇ ਬਿਆਨ ਨੂੰ ਲੈ ਕੇ ਦਰਜ ਐੱਫਆਈਆਰ ਰੱਦ ਕਰਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਅਦਾਲਤ ਨੂੰ ਪੁਲਿਸ ਵਲੋਂ ਉਨ੍ਹਾਂ ਖ਼ਿਲਾਫ਼ ਕਿਸੇ ਵੀ ਸਖ਼ਤ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ।ਬਾਜਵਾ ਮੁਤਾਬਕ, ਉਨ੍ਹਾਂ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਇਸਨੂੰ ਸਿਆਸੀ ਹਥਿਆਰ ਬਣਾਉਂਦੇ ਹੋਏ ਸੂਬੇ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਵੀ ਇੰਟਰਵਿਊ ’ਚ ਉਨ੍ਹਾਂ ਨੇ ਪੁਲਿਸ ਨੂੰ ‘ਨਿਕੰਮੀ’ ਕਹਿ ਕੇ ਉਸ ਦੀ ਆਲੋਚਨਾ ਕੀਤੀ ਸੀ ਤੇ ਕਿਉਂਕਿ ਗ੍ਰਹਿ ਮੰਤਰਾਲਾ ਸੰਭਾਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਲਈ ਜ਼ਿੰਮੇਵਾਰ ਹਨ, ਇਹ ਗੱਲ ਮੁੱਖ ਮੰਤਰੀ ਨੂੰ ਪਸੰਦ ਨਹੀਂ ਆਈ ਤੇ ਉਨ੍ਹਾਂ ਬਦਲਾ ਲੈਣ ਦੀ ਨੀਅਤ ਨਾਲ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਹਾਈ ਕੋਰਟ ’ਚ ਇਸ ਮਾਮਲੇ ਦੀ ਬੁੱਧਵਾਰ ਨੂੰ ਸੁਣਵਾਈ ਹੋ ਸਕਦੀ ਹੈ।ਇਸ ਤੋਂ ਪਹਿਲਾਂ ਬਾਜਵਾ ਨੇ ਕਾਂਗਰਸੀ ਆਗੂਆਂ ਨਾਲ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਜ਼ਿੰਦਾ ਰਿਹਾ ਤਾਂ ਤਿਆਰੀ ਪੱਕੀ ਯਾਨੀ ਕਾਂਗਰਸ ਦੀ ਸਰਕਾਰ ਆਉਣ ’ਤੇ ਮਾਨ ਨਤੀਜਿਆਂ ਲਈ ਤਿਆਰ ਰਹਿਣ। ਮੁੱਖ ਮੰਤਰੀ ਮਾਨ ਨੇ ਸੰਗਰੂਰ ’ਚ ਇਕ ਰੈਲੀ ’ਚ ਦੁਹਰਾਇਆ ਕਿ ਬਾਜਵਾ ਦੱਸਣ ਕਿ ਬੰਬ ਕਿੱਥੇ ਹਨ ਤੇ ਉਨ੍ਹਾਂ ਦਾ ਸੂਤਰ ਕੌਣ ਹੈ? ਜੇਕਰ ਕੋਈ ਸੂਤਰ ਨਹੀਂ ਹੈ ਤਾਂ ਬਾਜਵਾ ਕਬੂਲ ਕਰਨ ਕਿ ਉਹ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੀ ਗਲਤ ਬਿਆਨਬਾਜ਼ੀ ਕਰ ਰਹੇ ਹਨ।

ਇਸ ਦੇ ਨਾਲ ਹੀ, ਪੂਰੀ ਪ੍ਰਦੇਸ਼ ਕਾਂਗਰਸ ਬਾਜਵਾ ਨਾਲ ਖੜ੍ਹੀ ਹੋ ਗਈ ਅਤੇ ‘ਨਾ ਡਰੇ ਹਾਂ, ਨਾ ਡਰਾਂਗੇ’ ਦਾ ਨਾਅਰਾ ਦੇ ਕੇ ਸਰਕਾਰ ਦੇ ਅੱਗੇ ਨਾ ਝੁਕਣ ਦਾ ਐਲਾਨ ਕੀਤਾ। ਜਿਸ ਸਮੇਂ ਬਾਜਵਾ ਤੋਂ ਪੁੱਛਗਿੱਛ ਚੱਲ ਰਹੀ ਸੀ ਤਾਂ ਪ੍ਰਦੇਸ਼ ਕਾਂਗਰਸ ਦੇ ਸਾਰੇ ਵੱਡੇ ਆਗੂ, ਜਿਹੜੇ ਹੁਣ ਤੱਕ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ, ਉਹ ਵੀ ਸਾਈਬਰ ਥਾਣੇ ਦੇ ਬਾਹਰ ਡੇਰਾ ਲਾ ਕੇ ਬੈਠੇ ਰਹੇ।

ਉੱਧਰ, ‘ਆਪ’ ਨੇ ਵੀ ‘ਕਾਂਗਰਸ ਦਾ ਹੱਥ ਅੱਤਵਾਦੀਆਂ ਦੇ ਨਾਲ’ ਨਾਅਰੇ ਨਾਲ ਕਾਂਗਰਸ ਖ਼ਿਲਾਫ਼ ਸਮਾਂਤਰ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਨੇਤਾ ਦੇ ਬਿਆਨ ਨੂੰ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਖ਼ਿਲਾਫ਼ ਸਾਜ਼ਿਸ਼ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਪੁਲਿਸ ਨੂੰ ਸਬੂਤ ਸੌਂਪਣ ਜਾਂ ਮਾਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ। ਇਹ ਇਸ ਸਰਕਾਰ ਦੇ ਸ਼ਾਸਨਕਾਲ ਵਿਚ ਪਹਿਲੀ ਵਾਰ ਹੈ ਜਦੋਂ ਕਿਸੇ ਮੁੱਦੇ ’ਤੇ ਸੱਤਾਧਾਰੀ ਪਾਰਟੀ ‘ਆਪ’ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਇਕ-ਦੂਜੇ ਖ਼ਿਲਾਫ਼ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜਲੰਧਰ ਵਿਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਹਮਲੇ ਤੋਂ ਬਾਅਦ ਬਾਜਵਾ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਪੰਜਾਬ ਵਿਚ 50 ਬੰਬ ਆਏ ਹਨ, ਇਨ੍ਹਾਂ ਵਿਚੋਂ 18 ਚੱਲ ਗਏ ਹਨ ਅਤੇ 32 ਬਚੇ ਹਨ। ਇਸੇ ਨੂੰ ਲੈ ਕੇ ਪੁਲਿਸ ਨੇ ਲੰਘੇ ਐਤਵਾਰ ਨੂੰ ਉਨ੍ਹਾਂ ’ਤੇ ਮੋਹਾਲੀ ਵਿਚ ਕੇਸ ਦਰਜ ਕੀਤਾ ਸੀ।

25 ਸਵਾਲ ਪੁੱਛੇ ਗਏ, ਬਾਜਵਾ ਨੇ ਪੁੱਛਗਿੱਛ ’ਚ ਸਹਿਯੋਗ ਨਹੀਂ ਕੀਤਾ

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬਾਜਵਾ ਨੂੰ ਲਗਪਗ 25 ਸਵਾਲ ਪੁੱਛੇ ਗਏ ਪਰ ਉਹ ਪੁੱਛਗਿੱਛ ’ਚ ਸਹਿਯੋਗ ਨਹੀਂ ਕਰ ਰਹੇ ਸਨ। ਸੂਤਰ ਦੱਸਦੇ ਹਨ ਕਿ ਬਾਜਵਾ ਨੇ ਬਚੇ ਹੋਏ 32 ਬੰਬਾਂ ਦੀ ਸੂਚਨਾ ਦੇਣ ਤੋਂ ਵੀ ਇਨਕਾਰ ਕੀਤਾ। ਪੁਲਿਸ ਜਾਂ ਫ਼ੌਜ ’ਚ ਕਿਸੇ ਸੋਰਸ ਦੀ ਗੱਲ ਤੋਂ ਵੀ ਇਨਕਾਰ ਕੀਤਾ। ਪੁਲਿਸ ਨੇ ਬਾਜਵਾ ਨੂੰ ਪੁੱਛਗਿੱਛ ਲਈ ਅਗਲੀ ਤਰੀਕ ਭਾਵੇਂ ਨਹੀਂ ਦਿੱਤੀ ਪਰ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ ਪੁਲਿਸ ਉਨ੍ਹਾਂ ’ਤੇ ਸ਼ਿਕੰਜਾ ਕੱਸ ਸਕਦੀ ਹੈ।