Home » ਕੈਨੇਡਾ ਫੈਡਰਲ ਚੋਣਾਂ: ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉੱਪਰ…
Home Page News India World World News

ਕੈਨੇਡਾ ਫੈਡਰਲ ਚੋਣਾਂ: ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉੱਪਰ…

Spread the news

ਕੈਨੇਡਾ ਵਿਚ ਫੈਡਰਲ ਚੋਣ ਮੁਹਿੰਮ 32 ਦਿਨ ਮੁਕੰਮਲ ਕਰ ਚੁੱਕੀ ਹੈ। ਸਾਰੀਆਂ ਧਿਰਾਂ ਵੱਲੋਂ ਲੋਕ ਲੁਭਾਉਣੇ ਵਾਅਦਿਆਂ ਨਾਲ ਵੋਟਰਾਂ ਨੂੰ ਭਰਮਾਉਣ ‘ਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਜਿੱਥੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨੀ ਲੱਗਭੱਗ ਤੈਅ ਹੈ ਓਥੇ ਹੀ ਚੋਣਾਂ ਦਾ ਐਲਾਨ ਕਰ ਕੇ ਮਾਰਕ ਕਾਰਨੇ ਨੇ ਪਾਸਾ ਪਲਟ ਦਿੱਤਾ ਅਤੇ ਵੋਟਰਾਂ ਦਾ ਰੌਂਅ ਲਿਬਰਲ ਪਾਰਟੀ ਵੱਲ ਹੁੰਦਾ ਨਜ਼ਰ ਆਇਆ। ਵੱਖ ਵੱਖ ਚੋਣ ਸਰਵਿਆਂ ਅਨੁਸਾਰ ਦੋ ਹਫਤੇ ਪਹਿਲਾਂ ਤੱਕ ਲਿਬਰਲ ਆਪਣੀ ਨਜ਼ਦੀਕੀ ਵਿਰੋਧੀ ਕੰਸਰਵੇਟਿਵਾਂ ਤੋਂ 12 ਪ੍ਰਤੀਸ਼ਤ ਦੀ ਲੀਡ ਨਾਲ ਉੱਪਰ ਸਨ ਪਰ ਹੁਣ ਆਏ ਤਾਜ਼ਾ ਸਰਵੇਖਣਾਂ ਅਨੁਸਾਰ ਇਹ ਲੀਡ ਘਟ ਗਈ ਹੈ। ਇਕ ਸਰਵੇਖਣ ਅਨੁਸਾਰ ਇਹ ਲੀਡ 5 ਪ੍ਰਤੀਸ਼ਤ ਹੈ ਰਹਿ ਗਈ ਹੈ ਅਤੇ ਦੂਜੇ ਸਰਵੇਖਣ ਅਨੁਸਾਰ ਹੁਣ ਲੀਡ ਸਿਰਫ 3 ਪ੍ਰਤੀਸ਼ਤ ਹੈ। ਗਲੋਬਲ ਨਿਊਜ਼ ਲਈ ‘ਇਪਸੋਸਪੋਲ’ ਵੱਲੋਂ ਕਰਵਾਏ ਤਾਜ਼ਾ ਸਰਵੇਖਣ ਮੁਤਾਬਿਕ 41 ਪ੍ਰਤੀਸ਼ਤ ਕੈਨੇਡੀਅਨ ਦਾ ਕਹਿਣਾ ਹੈ ਕਿ ਉਹ ਲਿਬਰਲ ਪਾਰਟੀ ਨੂੰ ਆਪਣੀ ਵੋਟ ਪਾਉਣਗੇ। ਦੂਜੇ ਪਾਸੇ 38 ਪ੍ਰਤੀਸ਼ਤ ਵੋਟਰ ਕੰਸਰਵੇਟਿਵ ਦੀ ਹਮਾਇਤ ‘ਤੇ ਹਨ। ਇਸ ਸਰਵੇਖਣ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 12 ਪ੍ਰਤੀਸ਼ਤ, ਗ੍ਰੀਨ ਪਾਰਟੀ ਨੂੰ 2 ਪ੍ਰਤੀਸ਼ਤ ਅਤੇ ਬਲਾਕ ਕਿਊਬੇਕ ਨੂੰ 5 ਪ੍ਰਤੀਸ਼ਤ ਵੋਟ ਮਿਲਣ ਦੀ ਗੱਲ ਕਹੀ ਗਈ ਹੈ। ਇਸ ਪੋਲ ਵਿੱਚ 41 ਪ੍ਰਤੀਸ਼ਤ ਵੋਟਰਾਂ ਨੇ ਮਾਰਕ ਕਾਰਨੇ ਨੂੰ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਲੀਡਰ ਦੱਸਿਆ ਹੈ ਅਤੇ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ 36 ਪ੍ਰਤੀਸ਼ਤ ਵੋਟਰਾਂ ਦਾ ਸਮਰੱਥਨ ਹਾਸਲ ਹੋਇਆ ਐਂਗੁਸ ਰੀਡ ਇੰਸਟੀਚਿਊਟ ਦੇ ਤਾਜ਼ਾ ਸਰਵੇਖਣ ਅਨੁਸਾਰ 44 ਪ੍ਰਤੀਸ਼ਤ ਯੋਗ ਕੈਨੇਡੀਅਨ ਵੋਟਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਲਿਬਰਲ ਉਮੀਦਵਾਰ ਦਾ ਸਮਰਥਨ ਕਰਨਗੇ, ਜਦੋਂ ਕਿ 39 ਪ੍ਰਤੀਸ਼ਤ ਨੇ ਕੰਸਰਵੇਟਿਵ ਨੂੰ ਵੋਟ ਪਾਉਣ ਦੀ ਗੱਲ ਕਹੀ ਹੈ। ਲਿਬਰਲ ਨੇਤਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ 54 ਪ੍ਰਤੀਸ਼ਤ ਵੋਟਰ ਬਤੌਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ, ਜਦੋਂ ਕਿ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ 38 ਪ੍ਰਤੀਸ਼ਤ ਵੋਟਰ ਪ੍ਰਧਾਨ ਮੰਤਰੀ ਵਜੋਂ ਦੇਖ ਰਹੇ ਹਨ। ਨੈਨੋਸ ਰਿਸਰਚ ਦੁਆਰਾ 20ਤੋਂ 22 ਅਪ੍ਰੈਲ ਤੱਕ ਕੀਤੇ ਗਏ ਤਿੰਨ ਦਿਨਾਂ ਦੇ ਰੋਲਿੰਗ ਸੈਂਪਲ ਵਿੱਚ ਲਿਬਰਲਾਂ ਨੂੰ 44 ਪ੍ਰਤੀਸ਼ਤ ਅਤੇ ਕੰਜ਼ਰਵੇਟਿਵਾਂ ਨੂੰ 39 ਪ੍ਰਤੀਸ਼ਤ ਸਮਰਥਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 28 ਅਪ੍ਰੈਲ 2025 ਪੋਲਿੰਗ ਦਾ ਫਾਈਨਲ ਦਿਨ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ 5 ਦਿਨਾਂ ਵਿਚ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਲੀਡਰ ਕੀ ਵੋਟਰ ਮਨਾਂ ਨੂੰ ਕੁਝ ਬਦਲ ਸਕਣਗੇ?