ਪਾਕਿਸਤਾਨ-ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਫ਼ਰਾਰ ਜੋਧਬੀਰ ਸਿੰਘ ਉਰਫ਼ ਜੋਧਾ ਦੀ ਲਗਾਤਾਰ ਭਾਲ ਦੇ ਨਤੀਜੇ ਵਜੋਂ ਪੁਲਿਸ ਨੇ ਅੰਮ੍ਰਿਤਸਰ ਵਿਚ ਉਸ ਦੇ ਕਿਰਾਏ ਦੇ ਟਿਕਾਣੇ ਤੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਇਹ ਸਫਲਤਾ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਜੋਧਬੀਰ ਦੇ ਸਾਥੀ ਅਭਿਸ਼ੇਕ ਕੁਮਾਰ ਵਾਸੀ ਪਿੰਡ ਮੀਰਾਂਕੋਟ ਕਲਾਂ, ਅੰਮ੍ਰਿਤਸਰ ਜੋ ਆਪਣੇ ਆਸਟ੍ਰੇਲੀਆ ਸਥਿਤ ਹੈਂਡਲਰ ਜੱਸਾ ਦੇ ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰਨ ਤੋਂ ਚਾਰ ਦਿਨ ਬਾਅਦ ਹਾਸਲ ਹੋਈ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲ ਅਤੇ 1.5 ਲੱਖ ਰੁਪਏ ਬਰਾਮਦ ਕਰਨ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਉਸ ਦੀ ਮਹਿੰਦਰਾ ਥਾਰ ਗੱਡੀ ਨੂੰ ਵੀ ਜ਼ਬਤ ਕਰ ਲਿਆ ਸੀ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਸਥਿਤ ਹੈਂਡਲਰ ਜੱਸਾ ਅਤੇ ਉਸ ਦੇ ਸਾਥੀ ਜਿਨ੍ਹਾਂ ਦੇ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਸਬੰਧ ਹਨ, ਮੁਲਜ਼ਮ ਜੋਧਬੀਰ ਨੂੰ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਅਤੇ ਇਸ ਨੂੰ ਅੱਗੇ ਵੱਖ-ਵੱਖ ਥਾਵਾਂ ‘ਤੇ ਡਿਲੀਵਰ ਕਰਨ ਦੇ ਨਿਰਦੇਸ਼ ਦੇ ਰਹੇ ਸਨ।ਉਨ੍ਹਾਂ ਕਿਹਾ ਕਿ ਹੋਰ ਖੁਫੀਆ ਜਾਣਕਾਰੀ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਜੋਧਬੀਰ ਸਿੰਘ ਨਸ਼ੀਲੇ ਪਦਾਰਥਾਂ ਦੇ ਪੈਸੇ ਇਕੱਠੇ ਕਰਕੇ ਹਵਾਲਾ ਰਾਹੀਂ ਪਾਕਿਸਤਾਨ ਭੇਜਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ, ਜੋ ਕਿ ਅਜੇ ਵੀ ਫਰਾਰ ਹੈ, ਹੁਣ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਤਸਕਰੀ ਦੇ ਦੋਹਰੇ ਗੱਠਜੋੜ ਵਿੱਚ ਸ਼ਾਮਲ ਹੈ।ਡੀਜੀਪੀ ਨੇ ਕਿਹਾ ਕਿ ਜੋਧਬੀਰ ਦੀ ਭਾਲ ਦੌਰਾਨ ਸੀਆਈ ਅੰਮ੍ਰਿਤਸਰ ਪੁਲਿਸ ਟੀਮਾਂ ਨੂੰ ਇਤਲਾਹ ਮਿਲੀ ਕਿ ਉਸ ਨੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਵਰਿੰਦਾਵਨ ਗਾਰਡਨ ਕਾਲੋਨੀ ਵਿਚ ਕਿਰਾਏ ’ਤੇ ਰਿਹਾਇਸ਼ ਰੱਖੀ ਹੈ, ਜਿੱਥੇ ਉਸ ਨੇ ਵੱਡੀ ਮਾਤਰਾ ਵਿੱਚ ਹੈਰੋਇਨ ਲੁਕੋਈ ਹੈ ਅਤੇ ਕਿਰਾਏ ਦੇ ਮਕਾਨ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਵੀ ਵਰਤ ਰਿਹਾ ਹੈ। ਪੁਲਿਸ ਟੀਮਾਂ ਨੇ ਘਰ ’ਤੇ ਛਾਪਾ ਮਾਰਿਆ ਅਤੇ ਘਰ ’ਚੋਂ 5 ਕਿਲੋ ਹੈਰੋਇਨ ਸਮੇਤ ਕਰੰਸੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ, ਜਦੋਂ ਕਿ ਜੋਧਬੀਰ ਫਰਾਰ ਹੈ।
ਫ਼ਰਾਰ ਚੱਲ ਰਹੇ ਤਸਕਰ ਜੋਧੇ ਦੇ ਘਰੋਂ 5 ਕਿੱਲੋ ਹੈਰੋਇਨ ਹੋਈ ਬਰਾਮਦ…

Add Comment