ਆਪ੍ਰੇਸ਼ਨ ਸਿੰਦੂਰ ਰੁਕਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੀ ਪ੍ਰਸ਼ੰਸਾ ਕਰ ਕੇ ਭਾਰਤ ਸਮੇਤ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਅਣਕਿਆਸੀ ਪ੍ਰਸ਼ੰਸਾ ਪਿਛਲੇ ਕਾਰਨਾਂ ਵਿਚੋਂ ਇਕ ਵੱਡਾ ਕਾਰਨ ਟਰੰਪ ਪਰਿਵਾਰ ਦੀ ਹਿੱਸੇਦਾਰੀ ਵਾਲੀ ਕ੍ਰਿਪਟੋ ਕਰੰਸੀ ਕੰਪਨੀ ਵਰਲਡ ਲਿਬਰਟੀ ਫਾਇਨੈਂਸ਼ੀਅਲ (ਡਬਲਯੂਐੱਲਐੱਫ) ਦਾ ਪਾਕਿਸਤਾਨ ਕ੍ਰਿਪਟੋ ਕੌਂਸਲ (ਪੀਸੀਸੀ) ਨਾਲ ਹੋਇਆ ਸਮਝੌਤਾ ਮੰਨਿਆ ਜਾ ਰਿਹਾ ਹੈ। ਇਹ ਸਮਝੌਤਾ ਪਹਿਲਗਾਮ ਅੱਤਵਾਦੀ ਹਮਲੇ ਦੇ ਪੰਜ ਦਿਨਾਂ ਬਾਅਦ 27 ਅਪ੍ਰੈਲ ਨੂੰ ਇਸਲਾਮਾਬਾਦ ਵਿਚ ਹੋਇਆ।ਡਬਲਯੂਐੱਲਐੱਫ ਵਿਚ ਟਰੰਪ ਦੇ ਪੁੱਤਰਾਂ ਐਰਿਕ ਤੇ ਡੋਨਾਲਡ ਜੂਨੀਅਰ ਦੀ ਹਿੱਸੇਦਾਰੀ ਹੈ। ਕੰਪਨੀ ਦੇ ਸਹਿ-ਸੰਸਥਾਪਕਾਂ ਵਿਚੋਂ ਇਕ ਜੈਕ ਵਿਟਕਾਫ ਹਨ। ਉਹ ਸਟੀਵ ਵਿਟਕਾਫ ਦੇ ਪੁੱਤਰ ਹਨ ਜੋ ਟਰੰਪ ਦੇ ਖਾਸ ਸਲਾਹਕਾਰ ਤੇ ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਹਨ। ਉਨ੍ਹਾਂ ਨੇ ਹਾਲ ਹੀ ਵਿਚ ਹਮਾਸ ਤੋਂ ਇਕ ਅਮਰੀਕੀ ਬੰਧਕ ਨੂੰ ਛੁਡਵਾਇਆ ਸੀ। ਟਰੰਪ ਲਈ ਸਟੀਵ ਕਿੰਨੇ ਖਾਸ ਹਨ, ਇਹ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸਟੀਵ ਦੇ ਦੂਜੇ ਪੁੱਤਰ ਐਲੈਕਸ ਵਿਟਕਾਫ ਨੂੰ ਇਸੇ ਦਿਨ 2 ਮਈ ਨੂੰ ਯੂਐੱਸ ਹੋਲੋਕਾਸਟ ਮੈਮੋਰੀਅਲ ਕੌਂਸਲ ਵਿਚ ਨਿਯੁਕਤ ਕੀਤਾ ਹੈ।ਪਾਕਿਸਤਾਨ ਸਰਕਾਰ ਵੱਲੋਂ ਬਣਾਈ ਗਈ ਪੀਸੀਸੀ ਦਾ ਸੀਈਓ ਬਿਲਾਲ ਬਿਨ ਸਾਕਿਬ ਹੈ। ਪੀਸੀਸੀ ਹਾਲ ਹੀ ਵਿਚ ਸਥਾਪਿਤ ਕੀਤੀ ਗਈ ਕੰਪਨੀ ਹੈ। ਡਬਲਯੂਐੱਲਐੱਫ ਵੀ 2024 ਵਿਚ ਸਥਾਪਿਤ ਹੋਈ ਤੇ ਇਸ ਵਿਚ ਟਰੰਪ ਪਰਿਵਾਰ ਦੀ ਹਿੱਸੇਦਾਰੀ 60 ਫ਼ੀਸਦੀ ਹੈ। ਬਿਲਾਲ ਨੂੰ ਇਸ ਸਾਲ 20 ਮਾਰਚ ਨੂੰ ਪਾਕਿਸਤਾਨ ਵਿੱਤ ਮੰਤਰਾਲੇ ਦਾ ਸਲਾਹਕਾਰ ਬਣਾਇਆ ਗਿਆ ਸੀ। ਪੀਸੀਸੀ ਨਾਲ ਸਮਝੌਤੇ ਤੋਂ ਪਹਿਲਾਂ ਡਬਲਯੂਐੱਲਐੱਫ ਨੇ ਵੀ ਬਿਲਾਲ ਨੂੰ ਆਪਣਾ ਸਲਾਹਕਾਰ ਬਣਾਉਣ ਦਾ ਐਲਾਨ 15 ਅਪ੍ਰੈਲ ਨੂੰ ਐਕਸ ’ਤੇ ਇਕ ਪੋਸਟ ਰਾਹੀਂ ਕੀਤਾ ਸੀ।ਪਾਕਿਸਤਾਨ ਦੇ ਡਿਜੀਟਲ ਅਰਥਚਾਰੇ ਨੂੰ ਉਤਸ਼ਾਹਤ ਕਰਨ ਤੇ ਬਲਾਕਚੇਨ ਸਥਾਪਿਤ ਕਰਨ ਲਈ ਡਬਲਯੂਐੱਲਐੱਫ ਵੱਲੋਂ ਪੀਸੀਸੀ ਨਾਲ ਸਮਝੌਤਾ ਕਰਨ ਲਈ ਇਸਲਾਮਾਬਾਦ ਗਏ ਜੈਕ ਵਿਟਕਾਫ ਨਾਲ ਚੇਸ ਹੇਰੋ ਅਤੇ ਜੈਕ ਫੋਕਮੈਨ ਵੀ ਸਨ। ਇਹ ਦੋਵੇਂ ਵੀ ਡਬਲਯੂਐੱਲਐੱਫ ਦੇ ਸਹਿ-ਸੰਸਥਾਪਕ ਹਨ। ਪਾਕਿਸਤਾਨ ਵਿਚ ਇਨ੍ਹਾਂ ਤਿੰਨਾਂ ਦਾ ਸਵਾਗਤ ਕਿਸੇ ਸਿਆਸੀ ਆਗੂ ਵਾਂਗ ਕੀਤਾ ਗਿਆ ਸੀ। ਉਨ੍ਹਾਂ ਦੇ ਸਨਮਾਨ ਵਿਚ ਨਾਚ-ਗਾਣਾ ਹੋਇਆ ਤੇ ਢੋਲ-ਨਗਾਰੇ ਵੱਜੇ। ਉਨ੍ਹਾਂ ਨੇ ਸਰਕਾਰ ਤੇ ਫੌਜ ਦੇ ਉੱਚ ਅਫਸਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਾਹੌਰ ਦਾ ਵੀ ਦੌਰਾ ਕੀਤਾ। ਜੈਕ ਵਿਟਕਾਫ ਤੇ ਚੇਸ ਹੇਰੋ ਨੇ ਇਸ ਦੇ ਕਈ ਫੋਟੋ ਐਕਸ ’ਤੇ ਸਾਂਝੇ ਕੀਤੇ ਅਤੇ ਪਾਕਿਸਤਾਨ ਦੀ ਕੁਝ ਉਹੋ ਜਿਹੀ ਹੀ ਪ੍ਰਸ਼ੰਸਾ ਕੀਤੀ, ਜਿਵੇਂ ਟਰੰਪ ਨੇ ਕੀਤੀ ਸੀ। ਜੈਕ ਵਿਟਕਾਫ ਨੇ ਪੀਸੀਸੀ ਨਾਲ ਸਮਝੌਤੇ ਨੂੰ ਇਤਿਹਾਸਕ ਦੱਸਿਆ ਤੇ ਪਾਕਿਸਤਾਨ ਵਿਚ ਹੋਏ ਤਜਰਬੇ ਨੂੰ ਬੇਮਿਸਾਲ ਕਿਹਾ। ਇਨ੍ਹਾਂ ਸਾਰਿਆਂ ਦੇ ਨਾਲ ਕ੍ਰਿਪਟੋ ਐਕਸਚੇਂਜ ਚਲਾਉਣ ਵਾਲਾ ਚਾਂਗਪੇਂਗ ਝਾਓ ਵੀ ਸੀ, ਜਿਸ ਨੂੰ ਪੀਸੀਸੀ ਨੇ ਆਪਣਾ ਰਣਨੀਤਕ ਸਲਾਹਕਾਰ ਬਣਾਇਆ ਹੈ।
ਝਾਓ ਨੂੰ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਮਨੀ ਲਾਂਡ੍ਰਿੰਗ ਮਾਮਲੇ ਵਿਚ ਚਾਰ ਮਹੀਨੇ ਦੀ ਸਜ਼ਾ ਹੋਈ ਸੀ। ਰਾਇਟਰ ਦੀ ਇਕ ਖ਼ਬਰ ਮੁਤਾਬਕ ਹੇਰੋ ਤੇ ਫੋਕਮੈਨ ’ਤੇ ਉਨ੍ਹਾਂ ਦੇ ਪੁਰਾਣੇ ਵਪਾਰਕ ਸਾਥੀ ਵੱਲੋਂ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਏਬੀਸੀ ਨਿਊਜ਼ ਮੁਤਾਬਕ ਹੇਰੋ ਨਸ਼ੇ ਵੇਚਣ ਦੇ ਦੋਸ਼ ’ਚ ਜੇਲ੍ਹ ਜਾ ਚੁੱਕਾ ਹੈ ਤੇ ਫੋਕਮੈਨ ’ਤੇ ਸ਼ਤਰੰਜ ਸਿਖਾਉਣ ਦੇ ਬਹਾਨੇ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗ ਚੁੱਕੇ ਹਨ।













