ਬਟਾਲਾ ਦੇ ਭੁੱਲਰ ਰੋਡ ’ਤੇ ਸਥਿਤ ਗੋਬਿੰਦ ਨਗਰ ’ਚ ਮੰਗੇਤਰ ਦਾ ਕਤਲ ਕਰ ਕੇ ਲਾਸ਼ ਘਰ ’ਚ ਦਫ਼ਨਾਉਣ ਦੇ ਮਾਮਲੇ ’ਚ ਲੜਕੀ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕਤਲ ਦੇ ਮਾਮਲੇ ’ਚ ਲੜਕੀ, ਉਸ ਦੀ ਮਾਂ ਸਣੇ ਛੇ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਜਾਂਚ ’ਚ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੰਗਣੀ ਹੋਣ ਦੇ ਬਾਵਜੂਦ ਲੜਕੀ ਦਾ ਪਰਿਵਾਰ ਵਿਆਹ ਦੇ ਵਿਰੁੱਧ ਸੀ। ਇਸ ਸਬੰਧ ’ਚ, ਪੁਲਿਸ ਡੂੰਘੀ ਜਾਂਚ ਕਰ ਰਹੀ ਹੈ ਅਤੇ ਕਤਲ ’ਚ ਸ਼ਾਮਲ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।ਜਾਣਕਾਰੀ ਦਿੰਦੇ ਹੋਏ ਸਿਵਲ ਲਾਈਨ ਥਾਣੇ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਕਤਲ ਦੇ ਮਾਮਲੇ ’ਚ, ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਦੀ ਮਾਂ ਕੁਲਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੁਲਿਸ ਟੀਮਾਂ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੇ ਸਾਹਿਲ ਅਤੇ ਲੜਕੀ ਦੀ ਮੰਗਣੀ ਤਾਂ ਹੋਈ ਸੀ ਪਰ ਲੜਕੀ ਦੀ ਮਾਂ ਅੰਤਰਜਾਤੀ ਵਿਆਹ ਦੇ ਵਿਰੁੱਧ ਸੀ। ਕੁਲਜੀਤ ਕੌਰ ਨੇ ਆਪਣੀ ਧੀ ਨੂੰ ਸਾਹਿਲ ਨਾਲ ਵਿਆਹ ਨਾ ਕਰਨ ਲਈ ਵੀ ਮਨਾ ਲਿਆ ਸੀ।ਐੱਸਐੱਚਓ ਨੇ ਕਿਹਾ ਕਿ ਸਾਹਿਲ ਆਪਣੇ ਫੋਨ ’ਤੇ ਆਪਣੇ ਦਾਦਾ ਯੂਨਸ ਮਸੀਹ ਦੇ ਬੈਂਕ ਖਾਤੇ ਦੀ ਭੁਗਤਾਨ ਐਪ ਦੀ ਵਰਤੋਂ ਕਰਦਾ ਸੀ ਅਤੇ ਲੜਕੀ ਅਤੇ ਉਸ ਦੀ ਮਾਂ ਨੇ ਲਗਭਗ 1.25 ਲੱਖ ਰੁਪਏ ਸਾਹਿਲ ਕੋਲੋਂ ਲੈ ਲਏ ਸਨ ਪਰ ਜਦੋਂ ਸਾਹਿਲ ਨੇ ਪੈਸੇ ਮੰਗੇ ਤਾਂ ਉਪਰੋਕਤ ਲੋਕਾਂ ਨੇ ਸਾਹਿਲ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਘਰ ’ਚ ਹੀ ਜ਼ਮੀਨ ’ਚ ਦੱਬ ਦਿੱਤਾ।
ਪੁੱਤਰ ਦੀ ਭਾਲ ਕੀਤੇ ਜਾਣ ’ਤੇ ਆਇਆ ਸੀ ਮਾਮਲਾ ਸਾਹਮਣੇ
ਸ਼ਨਿੱਚਰਵਾਰ ਨੂੰ ਇੱਕ ਘਰ ’ਚ ਕਤਲ ਕਰਕੇ ਦੱਬੇ ਨੌਜਵਾਨ ਸਾਹਿਲ ਦੀ ਮਾਂ ਬੇਵੀ ਨੇ ਦੱਸਿਆ ਸੀ ਕਿ ਸਾਹਿਲ ਪਿਛਲੇ 6 ਦਿਨਾਂ ਤੋਂ ਲਾਪਤਾ ਸੀ, ਜਦੋਂ ਕਿ ਸਾਹਿਲ ਨੂੰ ਲੱਭਣ ਲਈ ਉਹ ਕੁਲਜੀਤ ਕੌਰ ਦੇ ਘਰ ਗਈ ਤੇ ਆਪਣੇ ਪੁੱਤਰ ਬਾਰੇ ਪੁੱਛਿਆ, ਪਰ ਕੁਲਜੀਤ ਕੌਰ ਨੇ ਨਾ ਤਾਂ ਉਸ ਨੂੰ ਘਰ ਦੇ ਅੰਦਰ ਆਉਣ ਦਿੱਤਾ ਤੇ ਨਾ ਹੀ ਉਸ ਨੇ ਸਪੱਸ਼ਟ ਤੌਰ ’ਤੇ ਦੱਸਿਆ ਕਿ ਸਾਹਿਲ ਕਿੱਥੇ ਹੈ। ਉਸ ਨੇ ਦੱਸਿਆ ਕਿ ਉਸ ਨੂੰ ਲੜਕੀ ਦੇ ਘਰੋਂ ਵੱਖਰੀ ਕਿਸਮ ਦੀ ਬਦਬੂ ਆਈ ਸੀ, ਜਦੋਂ ਉਸ ਨੂੰ ਮਾਮਲਾ ਸ਼ੱਕੀ ਲੱਗਿਆ ਤਾਂ ਉਸ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ, ਜਿਸ ’ਤੇ ਪੁਲਿਸ ਨੇ ਕੁੜੀ ਦੇ ਘਰੋਂ ਸਾਹਿਲ ਦੀ ਲਾਸ਼ ਜ਼ਮੀਨ ’ਚ ਦੱਬੀ ਹੋਈ ਬਰਾਮਦ ਕੀਤੀ।