ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਾਲੀ ਔਰਤ ਦੇ ਪਤੀ ਸਰਬਜੀਤ ਸਿੰਘ ਖ਼ਿਲਾਫ਼ ਹੁਣ ਖ਼ੁਦ ਹੀ ਇਕ ਗੰਭੀਰ ਦੋਸ਼ ਲਗਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਥਾਣਾ ਬਲ੍ਹ ’ਚ ਉਸ ’ਤੇ ਇਕ ਔਰਤ ਨੇ ਸਮੂਹਿਕ ਦੁਰਵਿਹਾਰ ਦਾ ਕੇਸ ਦਰਜ ਕਰਵਾਇਆ ਹੈ। ਸਰਬਜੀਤ ਸਿੰਘ ਵੱਲੋਂ ਮੰਡੀ ਜ਼ਿਲ੍ਹਾ ਅਦਾਲਤ ’ਚ ਦਾਖ਼ਲ ਕੀਤੀ ਗਈ ਜ਼ਮਾਨਤ ਦੀ ਅਰਜ਼ੀ ਵੀ 6 ਜੂਨ ਨੂੰ ਰੱਦ ਕਰ ਦਿੱਤੀ ਗਈ। ਉਨ੍ਹਾਂ ਦੀ ਪਤਨੀ ਵੱਲੋਂ ਹਿਮਾਚਲ ਦੇ ਡੀਜੀਪੀ ਨੂੰ ਇਕ ਚਿੱਠੀ ਲਿਖ ਕੇ ਮਾਮਲੇ ਦੀ ਨਿਆਂਪੂਰਨ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।ਉਨ੍ਹਾਂ ਚਿੱਠੀ ’ਚ ਦੱਸਿਆ ਕਿ ਇਹ ਮਾਮਲਾ ਪਾਸਟਰ ਬਜਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਰਚੀ ਗਈ ਇਕ ਸੋਚੀ ਸਮਝੀ ਸਾਜ਼ਿਸ਼ ਹੈ। ਚਿੱਠੀ ਮੁਤਾਬਕ ਦੋਹਾਂ ਪਤੀ-ਪਤਨੀ ਨੂੰ ਹਾਈ ਕੋਰਟ ਵੱਲੋਂ ਸੁਰੱਖਿਆ ਮਿਲੀ ਹੋਈ ਹੈ ਤੇ ਬਿਨਾਂ ਪੁਲਿਸ ਨੂੰ ਸੂਚਿਤ ਕੀਤੇ ਉਹ ਕਿਤੇ ਜਾ ਨਹੀਂ ਸਕਦੇ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਆਧਾਰ ਕਾਰਡ ਦੀ ਨਕਲ ਕਰਕੇ ਕਿਸੇ ਅਣਜਾਣ ਵਿਅਕਤੀ ਵੱਲੋਂ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ, ਜਦੋਂ 7 ਜੂਨ ਨੂੰ ਹਿਮਾਚਲ ਪੁਲਿਸ ਦੇ ਅਧਿਕਾਰੀ ਉਨ੍ਹਾਂ ਦੇ ਘਰ ਪੁੱਜੇ, ਤਦ ਹੀ ਉਨ੍ਹਾਂ ਨੂੰ ਕੇਸ ਅਤੇ ਜ਼ਮਾਨਤ ਅਰਜ਼ੀ ਦੀ ਜਾਣਕਾਰੀ ਮਿਲੀ। ਚਿੱਠੀ ਰਾਹੀਂ ਉਨ੍ਹਾਂ ਨੇ ਉੱਚ ਅਧਿਕਾਰੀਆਂ ਦੀ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਨਿਆਂ ਮਿਲ ਸਕੇ।
ਇਹ ਹੈ ਪੂਰਾ ਮਾਮਲਾ:
ਮੰਡੀ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਔਰਤ ਨੇ 22 ਅਤੇ 23 ਮਈ ਦੀ ਰਾਤ ਨੂੰ ਹੋਏ ਦੁਰਵਿਹਾਰ ਦੇ ਮਾਮਲੇ ’ਚ ਸਰਬਜੀਤ ਸਿੰਘ ਤੇ ਉਸ ਦੇ ਕੁਝ ਸਾਥੀਆਂ ਖ਼ਿਲਾਫ਼ ਹਿਮਾਚਲ ਦੇ ਮੰਡੀ ਜ਼ਿਲ੍ਹਾ ਦੇ ਥਾਣਾ ਬਲ੍ਹ ਵਿਚ ਸ਼ਿਕਾਇਤ ਦਰਜ ਕਰਵਾਈ। ਇਸ ਅਧੀਨ ਕੇਸ ਨੰਬਰ 119 ਅਧੀਨ ਭਾਰਤੀ ਨਿਆਂ ਸਹਿਤਾ ਦੀ ਧਾਰਾ 87 ਅਤੇ 70(1) ਤਹਿਤ 30 ਮਈ 2025 ਨੂੰ ਮਾਮਲਾ ਦਰਜ ਹੋਇਆ। ਇਸ ਤੋਂ ਬਾਅਦ 3 ਜੂਨ ਨੂੰ ਜ਼ਮਾਨਤ ਅਰਜ਼ੀ ਲੱਗੀ, 4 ਜੂਨ ਨੂੰ ਪੁਲਿਸ ਨੂੰ ਨੋਟਿਸ ਗਿਆ ਅਤੇ 6 ਜੂਨ ਨੂੰ ਜ਼ਮਾਨਤ ਰੱਦ ਕਰ ਦਿੱਤੀ ਗਈ। 7 ਜੂਨ ਨੂੰ ਪੁਲਿਸ ਟੀਮ ਸਵੇਰੇ 9 ਵਜੇ ਉਨ੍ਹਾਂ ਦੇ ਘਰ ਆਈ ਅਤੇ ਉਨ੍ਹਾਂ ਸਮੇਤ ਗੰਨਮੈਨਾਂ ਦੇ ਬਿਆਨ ਦਰਜ ਕੀਤੇ ਗਏ।
ਪਤੀ ਨੂੰ ਦੱਸਿਆ ਸਮਾਜ ਸੇਵੀ :
ਸਰਬਜੀਤ ਸਿੰਘ ਦੀ ਪਤਨੀ ਨੇ ਉਨ੍ਹਾਂ ਨੂੰ ਸਮਾਜ ਸੇਵੀ ਦੱਸਦਿਆਂ ਲਿਖਿਆ ਕਿ ਉਹ ‘ਵਾਲਮੀਕੀ ਸ਼ਕਤੀ ਸੰਗਠਨ ਪੰਜਾਬ’ ਦੇ ਪ੍ਰਧਾਨ ਹਨ। 2018 ਵਿੱਚ ਉਨ੍ਹਾਂ ਨੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਥਾਣਾ ਜ਼ੀਰਕਪੁਰ ਵਿੱਚ ਕੇਸ ਨੰਬਰ 128 ਦਰਜ ਕਰਵਾਇਆ ਸੀ, ਜਿਸ ’ਚ 1 ਅਪ੍ਰੈਲ 2025 ਨੂੰ ਸਜ਼ਾ ਸੁਣਾਈ ਗਈ। ਇਸ ਮਾਮਲੇ ਦੇ ਬਾਅਦ ਉਨ੍ਹਾਂ ’ਤੇ ਜਾਨਲੇਵਾ ਹਮਲਾ ਹੋਇਆ, ਪਾਸਟਰ ਦੀ ਪਤਨੀ ਵੱਲੋਂ 2019 ਵਿੱਚ ਬਲਾਕ ਮਾਜਰੀ ’ਚ ਕੇਸ ਨੰਬਰ 58 ਤੇ ਖਰੜ ’ਚ ਨੰਬਰ 38 ਦਰਜ ਕਰਵਾਏ ਗਏ, ਪਰ ਉਨ੍ਹਾਂ ’ਚ ਕੋਈ ਸਜ਼ਾ ਨਹੀਂ ਹੋਈ। ਹੁਣ ਜਦ ਪਾਸਟਰ ਨੂੰ ਸਜ਼ਾ ਹੋ ਗਈ ਹੈ ਤਾਂ ਬਦਲੇ ਦੀ ਭਾਵਨਾ ਰਾਹੀਂ ਇਹ ਨਵਾਂ ਮਾਮਲਾ ਰਚਿਆ ਗਿਆ ਹੈ।
ਇਸ ਮਾਮਲੇ ਸਬੰਧੀ ਸਰਬਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਹਾਂ ਦੇ ਮੋਬਾਈਲ ਨੰਬਰ ਬੰਦ ਮਿਲੇ ਹਨ।