ਪਾਕਿਸਤਾਨ ਅਕਸਰ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰਹੱਦ ‘ਤੇ ਤਾਇਨਾਤ ਬੀਐਸਐਫ ਵੱਲੋਂ ਅਜਿਹੀਆਂ ਕਈ ਯੋਜਨਾਵਾਂ ਨੂੰ ਲਗਾਤਾਰ ਨਾਕਾਮ ਕੀਤਾ ਜਾਂਦਾ ਹੈ।ਐਤਵਾਰ ਰਾਤ ਨੂੰ ਪਾਕਿਸਤਾਨ ਨੇ ਵੱਖ-ਵੱਖ ਇਲਾਕਿਆਂ ਤੋਂ ਭਾਰਤ ਵੱਲ ਚਾਰ ਡਰੋਨ ਭੇਜੇ। ਬੀਐਸਐਫ ਦੀ ਚੌਕਸੀ ਕਾਰਨ ਚਾਰੇ ਡਰੋਨ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇੱਕ ਵਿਦੇਸ਼ੀ ਪਿਸਤੌਲ, ਮੈਗਜ਼ੀਨ, 1 ਕਿਲੋ 150 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ।ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਰਾਤ 9.35 ਵਜੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਹੱਦਾਂ ਵਿੱਚ ਪੈਂਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਤਿੰਨ ਛੋਟੇ ਆਕਾਰ ਦੇ ਡਰੋਨ, ਇੱਕ ਵਿਦੇਸ਼ੀ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਤਰਨਤਾਰਨ ਦੇ ਡੱਲ ਪਿੰਡ ਦੇ ਇੱਕ ਖੇਤ ਤੋਂ ਇੱਕ ਡਰੋਨ ਬਰਾਮਦ ਕੀਤਾ ਗਿਆ।
ਇਹ ਬਰਾਮਦਗੀ ਸੋਮਵਾਰ ਸਵੇਰੇ ਇੱਕ ਸਰਚ ਆਪ੍ਰੇਸ਼ਨ ਦੌਰਾਨ ਹੋਈ। ਚਾਰੇ ਡਰੋਨ, ਪਿਸਤੌਲ ਅਤੇ ਹੈਰੋਇਨ ਦੀ ਖੇਪ ਪੁਲਿਸ ਨੂੰ ਸੌਂਪ ਦਿੱਤੀ ਗਈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਪਿਸਤੌਲ ਅਤੇ ਹੈਰੋਇਨ ਦੀ ਖੇਪ ਕਿੱਥੇ ਪਹੁੰਚਾਈ ਜਾਣੀ ਸੀ। ਫਿਲਹਾਲ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।













