ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ 166 ਮੈਂਬਰਾਂ ਨੂੰ ਨੌਂ ਮਈ 2023 ਦੀ ਹਿੰਸਾ ਦੇ ਇਕ ਮਾਮਲੇ ’ਚ 10-10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਪੰਜਾਬ ਸੂਬੇ ’ਚ ਖੁਫ਼ੀਆ ਏਜੰਸੀ ਆਈਐੱਸਆਈ ਦੀ ਇਮਾਰਤ ਤੇ ਹੋਰਨਾਂ ਫ਼ੌਜੀ ਸਥਾਨਾਂ ’ਤੇ ਹਮਲੇ ਦੇ ਸਬੰਧ ’ਚ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਇਮਰਾਨ ਦੀ ਗ੍ਰਿਫ਼ਤਾਰੀ ਦੇ ਬਾਅਦ ਨੌਂ ਮਈ 2023 ਨੂੰ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਵਰਕਰਾਂ ਨੇ ਦੇਸ਼ ਭਰ ’ਚ ਵੱਡੇ ਪੱਧਰ ’ਤੇ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜਿੰਨਾ ਹਾਊਸ (ਲਾਹੌਰ ਕੋਰ ਕਮਾਂਡਰ ਹਾਊਸ) ਸਮੇਤ ਦਰਜਨਾਂ ਫ਼ੌਜੀ ਸੰਸਥਾਵਾਂ ਤੇ ਪੁਲਿਸ ਸਟੇਸ਼ਨ ਤੋਂ ਇਲਾਵਾ ਮਿਆਂਵਾਲੀ ਏਅਰਬੇਸ ਤੇ ਫੈਸਲਾਬਾਦ ’ਚ ਆਈਐੱਸਆਈ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ।ਸਥਾਨਕ ਮੀਡੀਆ ਅਨੁਸਾਰ, ਫੈਸਲਾਬਾਦ ਦੀ ਅੱਤਵਾਦ ਰੋਕੂ ਅਦਾਲਤ (ਏਟੀਸੀ) ਦਾ ਇਹ ਫੈ਼ਸਲਾ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਪੰਜ ਅਗਸਤ ਤੋਂ ਪੀਟੀਆਈ ਵੱਲੋਂ ਫ੍ਰੀ ਇਮਰਾਨ ਖ਼ਾਨ ਮੂਵਮੈਂਟ ਦੀ ਸ਼ੁਰੂਆਤ ਹੋਣੀ ਹੈ। ਏਟੀਸੀ ਅਦਾਲਤ ਨੇ ਫੈਸਲਾਬਾਦ ’ਚ ਆਈਐੱਸਆਈ ਦੀ ਇਮਾਰਤ ’ਤੇ ਹਮਲੇ ਦੇ ਮਾਮਲੇ ’ਚ 185 ਮੁਲਜ਼ਮਾਂ ’ਚੋਂ 108 ਨੂੰ ਦੋਸ਼ੀ ਠਹਿਰਾਇਆ ਤੇ ਬਾਕੀ 77 ਨੂੰ ਬਰੀ ਕਰ ਦਿੱਤਾ ਗਿਆ, ਜਦਕਿ ਫੈਸਲਾਬਾਦ ’ਚ ਇਕ ਪੁਲਿਸ ਸਟੇਸ਼ਨ ’ਤੇ ਹਮਲੇ ਦੇ ਮਾਮਲੇ ’ਚ 58 ਮੁਲਜ਼ਮਾਂ ਨੂੰ 10-10 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਪੀਟੀਆਈ ਦੇ ਜਿਹੜੇ ਨੇਤਾਵਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ’ਚ ਸੰਸਦ ਦੇ ਦੋਵਾਂ ਸਦਨਾਂ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਤੇ ਸੈਨੇਟ ’ਚ ਵਿਰੋਧੀ ਧਿਰ ਦੇ ਨੇਤਾ ਸ਼ਿਬਲੀ ਫਰਾਜ਼ ਵੀ ਸ਼ਾਮਲ ਹਨ। ਪੀਟੀਆਈ ਨੇ ਅਦਾਲਤ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਇਸ ਨੂੰ ਲਾਹੌਰ ਹਾਈ ਕੋਰਟ ’ਚ ਚੁਣੌਤੀ ਦੇਵੇਗੀ।
ਇਮਰਾਨ ਖਾਨ ਦੀ ਪਾਰਟੀ ਦੇ 166 ਮੈਂਬਰਾਂ ਨੂੰ 10-10 ਸਾਲ ਦੀ ਜੇਲ੍ਹ…












