ਬਰਨਾਲਾ ਜ਼ਿਲ੍ਹੇ ਦੇ ਨੇੜੇ ਧਨੌਲਾ ਕਸਬੇ ’ਚ ਸਥਿਤ ਸ਼੍ਰੀ ਹਨੂੰਮਾਨ ਜੀ ਦੇ ਪ੍ਰਸਿੱਧ ਮੰਦਰ ਬਾਬਾ ਬਰਨੇਵਾਲਾ ਦੇ ਲੰਗਰ ਹਾਲ ਦੀ ਰਸੋਈ ’ਚ ਮੰਗਲਵਾਰ ਨੂੰ ਅੱਗ ਲੱਗਣ ਨਾਲ 15 ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਦੁੱਖਦਾਈ ਖ਼ਬਰ ਹੈ । ਇਸ ਮੰਦਰ ਵਿੱਚ ਮੰਗਲਵਾਰ ਨੂੰ ਕਾਫੀ ਸੰਗਤ ਨਤਮਸਤਕ ਹੋਣ ਆਉਂਦੀ ਹੈ। ਸ਼ਰਧਾਲੂਆਂ ਵੱਲੋਂ ਇੱਥੇ ਸੰਗਤ ਲਈ ਮੰਗਲਵਾਰ ਨੂੰ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਸ਼ਾਮ 7 ਵਜੇ ਦੇ ਕਰੀਬ ਲੰਗਰ ਤਿਆਰ ਕਰਨ ਵਾਲੇ ਵਿਅਕਤੀ ਅੱਗ ਦੀ ਲਪੇਟ ’ਚ ਆ ਗਏ। ਜਿਨ੍ਹਾਂ ’ਚ ਮਿੱਠੂ ਸਿੰਘ ਪੁੱਤਰ ਸਤਪਾਲ ਸਿੰਘ ਬਰਨਾਲਾ, ਅਤਿਨੰਦ ਬਰਨਾਲਾ, ਬਲਵਿੰਦਰ ਸਿੰਘ ਬਰਨਾਲਾ, ਰਾਮਜੀਤ ਸਿੰਘ ਬਰਨਾਲਾ, ਰਾਮ ਚੰਦਰ ਬਰਨਾਲਾ, ਵਿਸ਼ਾਲ ਬਰਨਾਲਾ ਸ਼ਾਮਲ ਹਨ, ਜੋ ਇਸ ਲੰਗਰ ਨੂੰ ਤਿਆਰ ਕਰ ਰਹੇ ਸਨ, ਲੰਗਰ ਤਿਆਰ ਕਰ ਰਹੀ ਹ ਕਈ ਮਹਿਲਾਵਾਂ ਵੀ ਅੱਗ ਦੀ ਲਪੇਟ ’ਚ ਆ ਗਈਆ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਲਿਜਾਇਆ ਗਿਆ। ਉਨ੍ਹਾਂ ਦੇ ਜ਼ਖ਼ਮਾਂ ‘ਤੇ ਪੱਟੀ ਕਰਨ ਤੋਂ ਬਾਅਦ, ਉਨ੍ਹਾਂ ਦੀ ਹਾਲਤ ਗੰਭੀਰ ਦੇਖ ਕੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।ਮੌਕੇ ‘ਤੇ ਪੁੱਜੇ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ। ਕਿ ਇਹ ਅੱਗ ਦਾ ਹਾਦਸਾ ਛੋਲੇ ਪੂਰੀਆਂ ਦਾ ਲੰਗਰ ਬਣਾ ਰਹੇ ਹਲਵਾਈ ਵੱਲੋਂ ਡੀਜ਼ਲ ਭੱਠੀ ‘ਚ ਡੀਜ਼ਲ ਪਾਉਣ ਮੌਕੇ ਅੱਗ ਲੱਗ ਗਈ, ਜੋ ਕੜਾਹੀ ‘ਚ ਭਾਰੀ ਮਾਤਰਾ ‘ਚ ਕੁਕਿੰਗ ਤੇਲ ਨੂੰ ਵੀ ਅੱਗ ਲੱਗ ਗਈ। ਜਿਸ ਕਾਰਨ ਕੜਾਹੀ ਡਿੱਗਣ ‘ਤੇ ਇਹ ਅੱਗ ਫੈਲ ਗਈ। ਜਿਸ ਵਿੱਚ ਅੱਠ ਮਰਦ ਤੇ ਸੱਤ ਮਹਿਲਾਵਾਂ ਸਣੇ ਕੁੱਲ 15 ਅੱਗ ਦੀ ਲਪੇਟ ਵਿੱਚ ਆ ਗਏ।ਡੀਐਸਪੀ ਬਰਨਾਲਾ ਨੇ ਦੱਸਿਆ ਕਿ ਮੌਕੇ ਤੇ ਡੇਰੇ ਦੇ ਪ੍ਰਬੰਧਕ ਮਹੰਤ ਮੰਗਲਦਾਸ ਵੱਲੋਂ 112 ਨੰਬਰ ‘ਤੇ ਕਾਲ ਕੀਤੀ ਗਈ। ਜਿਸ ਦੇ ਤਹਿਤ ਤੁਰੰਤ ਹੀ ਥਾਣਾ ਧਨੌਲਾ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਅਤੇ ਅੱਗ ਬੁਝਾਊ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਉਹਨਾਂ ਦੱਸਿਆ ਕਿ ਹਾਜ਼ਰ ਮੰਦਰ ਵਿੱਚ ਨਤਮਸਤਕ ਹੋਣ ਆਈ ਸੰਗਤ ਨੇ ਵੀ ਅੱਗ ਬੁਝਾਉਣ ਵਾਲੇ ਯੰਤਰਾਂ ਤਹਿਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਇਹ ਹਾਦਸਾ ਸਿਲਿੰਡਰ ਫਟਣ ਨਾਲ ਨਹੀਂ ਹੋਇਆ। ਸਗੋਂ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਇਸ ਲੰਗਰ ਹਾਲ ਵਿੱਚ ਭਾਰੀ ਗਿਣਤੀ ਵਿੱਚ ਗੈਸ ਸਿਲੰਡਰ ਵੀ ਲੰਗਰ ਲਈ ਵਰਤੇ ਜਾਣ ਲਈ ਇਕੱਠੇ ਕੀਤੇ ਹੋਏ ਸਨ। ਉਨਾਂ ਦੱਸਿਆ ਕਿ ਛੇ ਜਣਿਆਂ ਦੀ ਹਾਲਤ ਗੰਭੀਰ ਸੀ ਜਿਨਾਂ ਨੂੰ ਫਰੀਦਕੋਟ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਬਾਕੀ ਨੌ ਮਰੀਜ਼ ਧਨੌਲਾ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ।
ਲੰਗਰ ਬਣਾਉਂਦੇ ਸਮੇਂ ਵਾਪਰਿਆ ਹਾਦਸਾ, ਮੰਦਰ ‘ਚ ਸਿਲੰਡਰ ਫਟਣ ਕਾਰਨ 15 ਲੋਕ ਝੁਲਸੇ…












