ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਕਸਬੇ ਪੁਰਾਣਾ ਸ਼ਾਲਾ ’ਚ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ ਜਦੋਂ ਅਮਰੀਕਾ ’ਚ ਰਹਿੰਦੇ ਹੋਏ ਆਪਣੇ ਪੁੱਤਰ ਦੀ ਸ਼ੱਕੀ ਹਾਲਾਤ ’ਚ ਮੌਤ ਬਾਰੇ ਪਰਿਵਾਰ ਨੂੰ ਪਤਾ ਲੱਗਾ। ਤਿਰਲੋਚਨ ਸਿੰਘ ਵਾਸੀ ਪੁਰਾਣਾ ਸ਼ਾਲਾ ਦਾ ਪੁੱਤਰ ਬਲਜਿੰਦਰ ਸਿੰਘ ਹਨੀ (29) ਲਗਪਗ 13 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਉੱਜਵਲ ਭਵਿੱਖ ਲਈ ਅਮਰੀਕਾ ਗਿਆ ਸੀ।ਬਲਜਿੰਦਰ ਸਿੰਘ ਦੇ ਚਾਚਾ ਪੁਲਿਸ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਬਲਜਿੰਦਰ ਸਿੰਘ ਅਮਰੀਕਾ ’ਚ ਇਕ ਟਰੱਕ ਡਰਾਈਵਰ ਸੀ ਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਹੀ ਉਸ ਦੀ ਮੌਤ ਬਾਰੇ ਪਤਾ ਲੱਗਾ, ਪਰ ਉਸ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਬਲਜਿੰਦਰ ਸਿੰਘ ਦਾ ਵੱਡਾ ਭਰਾ ਮਨਿੰਦਰ ਸਿੰਘ, ਜੋ ਕਿ ਅਮਰੀਕਾ ’ਚ ਨੇੜੇ ਰਹਿੰਦਾ ਹੈ, ਵੀ ਉੱਥੇ ਪਹੁੰਚ ਗਿਆ ਹੈ ਅਤੇ ਬਲਜਿੰਦਰ ਦੀ ਮੌਤ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਫਿਲਹਾਲ ਉਸ ਦੀ ਮੌਤ ਦਾ ਕਾਰਨ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਚਾਚਾ ਸੁਖਵਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਅਮਰੀਕੀ ਦੂਤਾਵਾਸ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਮਾਂ ਸੁਖਵਿੰਦਰ ਕੌਰ ਅਤੇ ਪਿਤਾ ਤਰਲੋਚਨ ਸਿੰਘ ਨੂੰ ਜਲਦੀ ਤੋਂ ਜਲਦੀ ਅਮਰੀਕੀ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਸਕਣ।ਕਸਬਾ ਪੁਰਾਣਾ ਸ਼ਾਲਾ ਦੇ ਵਸਨੀਕਾਂ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ ਉਰਫ਼ ਹਨੀ ਬਹੁਤ ਹੀ ਮਿਲਣਸਾਰ ਨੌਜਵਾਨ ਸੀ ਅਤੇ ਹਮੇਸ਼ਾ ਸਾਰਿਆਂ ਨਾਲ ਬਹੁਤ ਸਤਿਕਾਰ ਅਤੇ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਦੀ ਮੌਤ ਕਾਰਨ ਕਸਬਾ ਪੁਰਾਣਾ ਸ਼ਾਲਾ ’ਚ ਇਸ ਸਮੇਂ ਮਾਹੌਲ ਸੋਗਮਈ ਹੈ।
ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌ,ਤ…











