ਤਾਜਿਕਸਤਾਨ ਦੇਸ਼ ਵਿਚ ਫਸੇ ਜ਼ਿਲ੍ਹੇ ਦੇ 7 ਨੌਜਵਾਨ ‘ਇਨਸਾਨੀਅਤ ਪਹਿਲਾਂ’ ਦੇ ਮੁਖੀ ਤੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਭੇਜੀਆਂ ਹਵਾਈ ਟਿਕਟਾਂ ਨਾਲ 27 ਅਕਤੂਬਰ ਨੂੰ ਆਪੋ ਆਪਣੇ ਘਰਾਂ ਲਈ ਰਵਾਨਾ ਹੋਣਗੇ। ਕਾਬਿਲੇ ਜ਼ਿਕਰ ਹੈ ਕਿ ਜ਼ਿਲ੍ਹੇ ਦੇ ਪਿੰਡ ਬੈਂਸਾਂ ਦੇ ਨਿਵਾਸੀ ਹਰਵਿੰਦਰ ਸਿੰਘ, ਹਰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਰਾਏਪੁਰ, ਅਮਰਜੀਤ ਸਿੰਘ ਵਾਸੀ ਬ੍ਰਹਮਪੁਰ, ਅਵਤਾਰ ਸਿੰਘ ਵਾਸੀ ਢੇਰ, ਰਾਵਿੰਦਰ ਸਿੰਘ ਵਾਸੀ ਮੋੜਾ, ਮਨਜੀਤ ਸਿੰਘ ਵਾਸੀ ਘਨੌਲੀ ਰੋਜ਼ੀ ਰੋਟੀ ਕਮਾਉਣ ਲਈ ਏਜੰਟ ਦੇ ਰਾਹੀ ਤਾਜਿਕਸਤਾਨ ਵਿਚ ਡਰਾਇਵਰੀ ਕਰਨ ਲਈ ਗਏ ਸਨ ਪਰ ਉਮੀਦਾਂ ਉੱਤੇ ਪਾਣੀ ਫਿਰ ਗਿਆ।ਤਾਜਿਕਸਤਾਨ ਵਿਚ ਫਸੇ ਪਿੰਡ ਬੈਸਾਂ ਬਲਾਕ ਨੂਰਪੁਰਬੇਦੀ ਦੇ ਹਰਵਿੰਦਰ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੰਗਲ ਇਲਾਕੇ ਦੇ ਵੱਖ-ਵੱਖ ਏਜੰਟਾਂ ਰਾਹੀਂ ਰੋਜ਼ੀ ਰੋਟੀ ਕਮਾਉਣ ਲਈ ਅਸੀਂ ਡਰਾਈਵਰ ਕੈਟਾਗਿਰੀ ਵਿਚ 16 ਸਤੰਬਰ ਨੂੰ ਆਏ ਸਨ। ਜਦੋਂ ਅਸੀਂ ਕੰਮ ਵਾਲੀ ਥਾਂ ਉੱਤੇ ਗਏ ਤਾਂ ਉਨ੍ਹਾਂ ਨੇ ਵਰਕਸ਼ਾਪ ਵਿਚ ਮਜ਼ਦੂਰੀ ਕਰਨ ਲਈ ਕਿਹਾ ਤਾਂ ਅਸੀਂ ਆਪਣੇ ਏਜੰਟ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਕਿ ਤੁਸੀਂ ਡਰਾਇਵਰੀ ਤੋਂ ਬਿਨਾਂ ਕੋਈ ਕੰਮ ਨਹੀ ਕਰਨਾ ਪਰ ਤਾਜਿਕਸਤਾਨ ਵਾਲਾ ਵਿਅਕਤੀ ਮਜ਼ਦੂਰੀ ਕਰਨ ਲਈ ਮਜਬੂਰ ਕਰ ਰਿਹਾ ਸੀ, ਜਿਸ ਕਾਰਨ ਅਸੀਂ ਢੋਆ ਢੋਆਈ ਦੀ ਕੰਮ ਕਰ ਰਹੇ ਹਾਂ। ਪੀੜਤਾਂ ਮੁਤਾਬਕ ਜਿਹੜੀਆਂ ਗੱਡੀਆਂ ’ਤੇ ਸਾਨੂੰ ਡਰਾਈਵਰੀ ਕਰਨ ਲਈ ਕਿਹਾ ਗਿਆ ਉਹ ਤਾਂ ਦੋ ਸਾਲ ਤੋਂ ਕੰਡਮ ਹਾਲਤ ਵਿਚ ਖੜ੍ਹੀਆਂ ਸਨ। ਹਰਵਿੰਦਰ ਨੇ ਕਿਹਾ ਕਿ ਪਿੰਡ ਲਾਲਪੁਰਾ ਤੋਂ ਅਜੈਵੀਰ ਸਿੰਘ ਲਾਲਪੁਰਾ ਨਾਲ ਫੋਨ ਉੱਤੇ ਸੰਪਰਕ ਕੀਤਾ ਤਾਂ ਉਨ੍ਹਾਂਹੌਸਲਾ ਦਿੱਤਾ ਤੇ ਕਿਹਾ ਕਿ ਸਹੀ ਸਲਾਮਤ ਘਰਾਂ ਵਿਚ ਪਹੁੰਚਾ ਦੇਵਾਂਗੇ। ਉਨ੍ਹਾਂ ਦੱਸਿਆ ਕਿ ਲਾਲਪੁਰਾ ਨੇ ਸਾਡੀਆਂ 7 ਹਵਾਈ ਟਿਕਟਾਂ 27 ਅਕਤੂਬਰ ਦੀਆਂ ਭੇਜ ਦਿੱਤੀਆ ਹਨ, ਹੁਣ ਘਰਾਂ ਨੂੰ ਪਰਤ ਸਕਾਂਗੇ।
ਭਾਜਪਾ ਆਗੂ ਲਾਲਪੁਰਾ ਦਾ ਪ੍ਰਗਟਾਵਾ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਤਾਜਿਕਸਤਾਨ ਵਿਚ ਰੂਪਨਗਰ ਜ਼ਿਲ੍ਹੇ ਖਾਸਕਰ ਨੂਰਪੁਰਬੇਦੀ ਤੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਨਾਲ ਸਬੰਧਤ ਪਿੰਡਾਂ ਦੇ ਨੌਜਵਾਨ ਗਲਤ ਏਜੰਟਾਂ ਦੇ ਧੱਕੇ ਚੜਣ ਕਰ ਕੇ ਉੱਥੇ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਦੀ ਸਾਰੀ ਗੱਲ ਸੁਣ ਕੇ ਭਰੋਸਾ ਦਿੱਤਾ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਰੱਬ ਦੀ ਮਿਹਰ ਸਦਕਾ 7 ਟਿਕਟਾਂ 27 ਅਕਤੂਬਰ ਦੀ ਕਰਵਾ ਕੇ ਉਨ੍ਹਾਂ ਨੂੰ ਭੇਜ ਦਿੱਤੀਆਂ ਹਨ 27 ਜਾਂ 29 ਅਕਤੂਬਰ ਨੂੰ ਆਪੋ-ਆਪਣੇ ਘਰਾਂ ਵਿਚ ਨੌਜਵਾਨ ਪਹੁੰਚ ਜਾਣਗੇ, ਜਿਸ ਨਾਲ ਮੇਰੇ ਮਨ ਨੂੰ ਬੜੀ ਸਕੂਨ ਮਿਲੇਗੀ।













