Home » ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਖਿ਼ਲਾਫ਼ ਮਾਮਲਾ ਦਰਜ, ਮਾਮੂਲੀ ਰੋਡ ਰੇਜ਼ ਤੋਂ ਬਾਅਦ ਵਾਪਰੀ ਗੋਲ਼ੀ ਚੱਲਣ ਦੀ ਘਟਨਾ…
Home Page News India India News

ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਖਿ਼ਲਾਫ਼ ਮਾਮਲਾ ਦਰਜ, ਮਾਮੂਲੀ ਰੋਡ ਰੇਜ਼ ਤੋਂ ਬਾਅਦ ਵਾਪਰੀ ਗੋਲ਼ੀ ਚੱਲਣ ਦੀ ਘਟਨਾ…

Spread the news


ਪੰਜਾਬ ਦੇ ਮੁਹਾਲੀ ਸ਼ਹਿਰ ਵਿਚ ਸ਼ਨਿਚਰਵਾਰ (25 ਅਕਤੂਬਰ) ਦੀ ਰਾਤ ਨੂੰ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੌਰਾਨ ਗੋਲ਼ੀ ਚੱਲਣ ਦੀ ਘਟਨਾ ਵੀ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਗਾਇਕ ਪ੍ਰਿੰਸ ਰੰਧਾਵਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ, ਇਹ ਘਟਨਾ ਫੇਜ਼-11 ਵਿਚ ਬੇਸਟੈਕ ਮਾਲ ਨੇੜੇ 25 ਅਕਤੂਬਰ ਦੀ ਰਾਤ ਨੂੰ ਵਾਪਰੀ। ਮਾਮੂਲੀ ‘ਰੋਡ ਰੇਜ’ ਤੋਂ ਸ਼ੁਰੂ ਹੋਇਆ ਇਹ ਝਗੜਾ ਵੱਡੇ ਵਿਵਾਦ ਵਿਚ ਬਦਲ ਗਿਆ।

ਘਟਨਾ ਦਾ ਕਾਰਨ

ਪ੍ਰਾਪਤ ਜਾਣਕਾਰੀ ਅਨੁਸਾਰ, ਪ੍ਰਤਾਪ ਰੰਧਾਵਾ ਆਪਣੇ ਪਰਿਵਾਰ ਨਾਲ ਮਰਸੀਡੀਜ਼ ਕਾਰ ਵਿਚ ਫਿਲਮ ਦੇਖ ਕੇ ਮਾਲ ਤੋਂ ਬਾਹਰ ਨਿਕਲ ਰਿਹਾ ਸੀ, ਜਦੋਂ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਹੇ ਸਨ। ਇਸ ਦੌਰਾਨ ਪ੍ਰਤਾਪ ਦੀ ਕਾਰ ਨੇ ਕਥਿਤ ਤੌਰ ‘ਤੇ ਪ੍ਰਿੰਸ ਰੰਧਾਵਾ ਨੂੰ ਹਲਕਾ ਜਿਹਾ ਛੂਹ ਗਈ, ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਸ਼ੁਰੂ ਹੋ ਗਿਆ।

ਝਗੜਾ ਅਤੇ ਗੋਲ਼ੀਬਾਰੀ

ਮਾਮੂਲੀ ਟੱਕਰ ਤੋਂ ਬਾਅਦ ਦੋਵਾਂ ਧਿਰਾਂ ਨੇ ਆਪਣੇ-ਆਪਣੇ ਸਾਥੀਆਂ ਨੂੰ ਬੁਲਾ ਲਿਆ। ਪ੍ਰਤਾਪ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਇਸ ਦੌਰਾਨ ਪ੍ਰਿੰਸ ਰੰਧਾਵਾ ਵੱਲੋਂ ਗੋਲ਼ੀ ਚਲਾਈ ਗਈ। ਗੋਲ਼ੀਬਾਰੀ ਦੀ ਘਟਨਾ ਹੁੰਦੇ ਹੀ ਮੌਕੇ ‘ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪ੍ਰਿੰਸ ਰੰਧਾਵਾ ਨੂੰ ਘੇਰ ਲਿਆ।

ਵਾਇਰਲ ਹੋਈ ਵੀਡੀਓ ਵਿਚ ਸੁਣਾਈ ਦੇ ਰਹੀਆਂ ਗੱਲਾਂ

ਇਸ ਘਟਨਾ ਦਾ ਇਕ ਮਿੰਟ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਵੀਡੀਓ ਵਿਚ ਦੋਵੇਂ ਧਿਰਾਂ ਤਿੱਖੀ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਵਿਚ ਪ੍ਰਿੰਸ ਰੰਧਾਵਾ ਕਹਿੰਦੇ ਹਨ, “ਭਾਈ, ਪੈਦਲ ਜਾ ਰਹੇ ਵਿਅਕਤੀ ਨੂੰ ਗੱਡੀ ਦੇ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।” ਜਿਸ ‘ਤੇ ਪ੍ਰਤਾਪ ਰੰਧਾਵਾ ਪੁੱਛਦਾ ਹੈ, “ਭੱਜਦਾ ਕਿਉਂ ਹੈ?” ਜਿਸ ਦੇ ਜਵਾਬ ਵਿਚ ਪ੍ਰਿੰਸ ਕਹਿੰਦਾ ਹੈ, “ਮੈਂ ਤਾਂ ਪੈਦਲ ਜਾ ਰਿਹਾ ਸੀ, ਮੇਰੇ ਉੱਪਰ ਗੱਡੀ ਚੜ੍ਹਾ ਦਿੱਤੀ।” ਇਸ ਦੌਰਾਨ ਕੁਝ ਔਰਤਾਂ ਵੀ ਆਪਸ ਵਿਚ ਝਗੜਦੀਆਂ ਦਿਖਾਈ ਦਿੰਦੀਆਂ ਹਨ।

ਪੁਲਿਸ ਕਾਰਵਾਈ

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬਲ ਸਮੇਤ ਸਬੰਧਤ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।

ਡੀਐੱਸਪੀ ਹਰਸਿਮਰਨ ਸਿੰਘ ਬਲ ਨੇ ਪੁਸ਼ਟੀ ਕੀਤੀ ਕਿ ਪ੍ਰਤਾਪ ਰੰਧਾਵਾ ਦੇ ਬਿਆਨਾਂ ਦੇ ਆਧਾਰ ‘ਤੇ ਪ੍ਰਿੰਸ ਰੰਧਾਵਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਹੇ ਸਨ ਅਤੇ ਦੋਵਾਂ ਵਿਚ ਮਾਮੂਲੀ ਜਿਹੀ ਟੱਕਰ ਹੋ ਗਈ, ਜਿਸ ਕਾਰਨ ਇਹ ਪੂਰਾ ਘਟਨਾਕ੍ਰਮ ਵਾਪਰਿਆ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਗਾਇਕ ਪ੍ਰਿੰਸ ਰੰਧਾਵਾ ਦੇ ਹਥਿਆਰ ਦਾ ਲਾਇਸੈਂਸ ਵੀ ਮੰਗਵਾਇਆ ਗਿਆ ਹੈ।