Home » ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਾਮਲੇ ‘ਚ ਦੋ ਨਿਆਇਕ ਅਧਿਕਾਰੀਆਂ ਤੇ ਇਕ ਡੀਆਈਜੀ ਨੂੰ ਤਲਬ ਕਰਨ ਦੀ ਤਿਆਰੀ ’ਚ ਸੀਬੀਆਈ…
Home Page News India India News

ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਾਮਲੇ ‘ਚ ਦੋ ਨਿਆਇਕ ਅਧਿਕਾਰੀਆਂ ਤੇ ਇਕ ਡੀਆਈਜੀ ਨੂੰ ਤਲਬ ਕਰਨ ਦੀ ਤਿਆਰੀ ’ਚ ਸੀਬੀਆਈ…

Spread the news


ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ਼ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਜਾਂਚ ’ਚ ਹੁਣ ਨਵੇਂ ਅਤੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਸੀਬੀਆਈ ਨੂੰ ਭੁੱਲਰ ਦੇ ਮੋਬਾਈਲ ਫੋਨ ਤੋਂ ਅਜਿਹੀਆਂ ਚੈਟਸ ਮਿਲੀਆਂ ਹਨ, ਜਿਨ੍ਹਾਂ ਵਿਚ ਨਿਆਇਕ ਅਧਿਕਾਰੀਆਂ ਨਾਲ ਜੁੜੇ ਕਈ ਅਹਿਮ ਸੰਦੇਸ਼ ਸ਼ਾਮਲ ਹਨ। ਇਨ੍ਹਾਂ ਚੈਟਸ ਵਿਚ ਭੁੱਲਰ ਤੇ ਕ੍ਰਿਸ਼ਣੂ ਵਿਚਾਲੇ ਅਦਾਲਤਾਂ ਦੇ ਹੁਕਮਾਂ ਨੂੰ ਪ੍ਰਭਾਵਿਤ ਕਰਨ, ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਮੋੜਨ ਅਤੇ ਕੁੱਝ ਅਧਿਕਾਰੀਆਂ ਦੇ ਪੱਖ ਵਿਚ ਫ਼ੈਸਲੇ ਕਰਵਾਉਣ ਵਰਗੀਆਂ ਗੱਲਾਂ ਦੀ ਚਰਚਾ ਪਾਈ ਗਈ ਹੈ। ਸੀਬੀਆਈ ਇਸ ਮਾਮਲੇ ਵਿਚ ਦੋ ਨਿਆਇਕ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਇਕ ਮੌਜੂਦਾ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ। ਪਹਿਲਾਂ ਉਹ ਅਧਿਕਾਰੀ ਰੋਪੜ ਦਾ ਐੱਸਐੱਸਪੀ ਰਿਹਾ ਹੈ। ਜਿਹੜੇ ਨਿਆਇਕ ਅਧਿਕਾਰੀ ਹਨ ਦੋਵੇਂ ਮੋਹਾਲੀ ਤੇ ਰੋਪੜ ਵਿਚ ਤਾਇਨਾਤ ਰਹੇ ਹਨ। ਜਾਂਚ ਏਜੰਸੀ ਇਨ੍ਹਾਂ ਸਾਰਿਆਂ ਦੀ ਭੂਮਿਕਾ ਅਤੇ ਭੁੱਲਰ ਨਾਲ ਉਨ੍ਹਾਂ ਦੇ ਸੰਭਾਵਤ ਸਬੰਧਾਂ ਦੀ ਜਾਂਚ ਕਰ ਰਹੀ ਹੈ।ਫ਼ਿਲਹਾਲ ਏਜੰਸੀ ਇਹ ਜਾਨਣ ਦੀ ਕੋਸ਼ਿਸ਼ ਵਿਚ ਹੈ ਕਿ ਨਿਆਇਕ ਹੁਕਮਾਂ ਨੂੰ ਪ੍ਰਭਾਵਿਤ ਕਰਨ ਲਈ ਕਿਨ੍ਹਾਂ ਸਾਧਨਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਇਸ ਵਿਚ ਕਿਨ੍ਹਾਂ-ਕਿਨ੍ਹਾਂ ਅਧਿਕਾਰੀਆਂ ਦੀ ਭੂਮਿਕਾ ਰਹੀ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ਼ ਰਿਸ਼ਵਤਖੋਰੀ ਤੱਕ ਸੀਮਤ ਨਹੀਂ ਹੈ ਬਲਕਿ ਇਸ ਵਿਚ ਨਿਆਇਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਦਾ ਗੰਭੀਰ ਪਹਿਲੂ ਵੀ ਸ਼ਾਮਲ ਹੈ। ਸੀਬੀਆਈ ਦੀ ਆਉਣ ਵਾਲੀ ਪੁੱਛਗਿੱਛ ਅਤੇ ਨਵੇਂ ਖ਼ੁਲਾਸਿਆਂ ਨਾਲ ਇਸ ਵੱਡੇ ਭ੍ਰਿਸ਼ਟਾਚਾਰ ਨੈੱਟਵਰਕ ਦੀਆਂ ਕਈ ਹੋਰ ਪਰਤਾਂ ਖੁੱਲ੍ਹਣ ਦੀ ਉਮੀਦ ਹੈ। ਸੂਤਰਾਂ ਦੇ ਮੁਤਾਬਕ ਭੁੱਲਰ ਦਾ ਇਕ ਕਰੀਬੀ ਰਿਸ਼ਤੇਦਾਰ ਵੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਵਿਚ ਭੂਮਿਕਾ ਨਿਭਾਉਂਦਾ ਹੈ।ਜਾਂਚ ਏਜੰਸੀ ਦੇ ਹੱਥ ਅਜਿਹੇ ਸਬੂਤ ਲੱਗੇ ਹਨ ਜਿਹੜੇ ਇਹ ਸੰਕੇਤ ਦਿੰਦੇ ਹਨ ਕਿ ਭੁੱਲਰ ਨਾ ਸਿਰਫ਼ ਪੁਲਿਸ ਵਿਚ ਆਪਣੇ ਰਸੂਖ਼ ਦਾ ਇਸਤੇਮਾਲ ਕਰ ਰਹੇ ਸਨ ਬਲਕਿ ਅਦਾਲਤਾਂ ਦੇ ਫ਼ੈਸਲਿਆਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿਚ ਲੱਗੇ ਸਨ। ਸੀਬੀਆਈ ਦੀ ਜਾਂਚ ਵਿਚ ਇਹ ਖ਼ੁਲਾਸਾ ਹੋਇਆ ਹੈ ਕਿ ਭੁੱਲਰ ਤੇ ਉਨ੍ਹਾਂ ਦੇ ਨਜ਼ਦੀਕੀ ਦਲਾਲ ਕ੍ਰਿਸ਼ਣੂ ਸ਼ਾਰਦਾ ਦੀ ਗੱਲਬਾਤ ਵਿਚ ਕਈ ਨਿਆਇਕ ਆਦੇਸ਼ਾਂ ਨਾਲ ਜੁੜੀਆਂ ਚਰਚਾਵਾਂ ਹੋਈਆਂ ਹਨ। ਸੂਤਰਾਂ ਮੁਤਾਬਕ ਕ੍ਰਿਸ਼ਣੂ ਨੇ ਪੁੱਛਗਿੱਛ ਵਿਚ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਜਾਂਚ ਏਜੰਸੀ ਹੁਣ ਉਸ ਨੂੰ ਸਰਕਾਰੀ ਗਵਾਹ ਬਣਾਉਣ ’ਤੇ ਵਿਚਾਰ ਕਰ ਰਹੀ ਹੈ ਤਾਂ ਕਿ ਪੂਰੇ ਨੈੱਟਵਰਕ ਦੀਆਂ ਪਰਤੀਆਂ ਖੋਲ੍ਹੀਆਂ ਜਾ ਸਕਣ। ਉਸ ਦੇ ਮੋਬਾਈਲ ਡਾਟਾ ਅਤੇ ਕਾਲ ਡਿਟੇਲ ਤੋਂ ਕਈ ਸੀਨੀਅਰ ਅਧਿਕਾਰੀਆਂ ਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਉਸ ਦੀ ਗੱਲਬਾਤ ਦੇ ਸਬੂਤ ਮਿਲੇ ਹਨ। ਭੁੱਲਰ ਖ਼ਿਲਾਫ਼ ਚੱਲ ਰਹੀ ਜਾਂਚ ਨੇ ਪੰਜਾਬ ਪੁਲਿਸ ਤੇ ਨਿਆਇਕ ਤੰਤਰ ਦੋਵਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਸੀਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਬਾਈਲ ਚੈਟਸ, ਬੈਂਕ ਲੈਣ-ਦੇਣ ਅਤੇ ਕਾਲ ਰਿਕਾਰਡਸ ਦੀ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ।