ਪ੍ਰਸਿੱਧ ਸਾਹਿਤਕਾਰ, ਇਨਕਲਾਬੀ ਕਵੀ, ਰਿਟਾਇਰਡ ਅਧਿਆਪਕ ਤੇ ਪੰਜਾਬੀ ਸਾਹਿਤ ਸਭਾ ਮਾਲੇਰਕੋਟਲਾ ਦੇ ਪ੍ਰਧਾਨ ਨਾਹਰ ਸਿੰਘ ਮੁਬਾਰਕਪੁਰੀ (80) ਦੀ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ ਦੀ ਖ਼ਬਰ ਮਿਲਦੇ ਹੀ ਸਮੁੱਚੇ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਬੇਟੇ ਪਰਵਿੰਦਰ ਸਿੰਘ ਨੇ ਦੱਸਿਆ ਕਿ 17 ਨਵੰਬਰ ਦੀ ਸ਼ਾਮ ਨੂੰ ਕਰੀਬ ਸਾਢੇ ਕੁ 5 ਵਜੇ ਉਨ੍ਹਾਂ ਨੂੰ ਜੌੜੇਪੁਲ ਚੌਂਕੀ ਦੇ ਇੰਚਾਰਜ ਦਾ ਫੋਨ ਆਇਆ,ਜਿਨਾਂ ਦੱਸਿਆ ਕਿ ਤੁਹਾਡੇ ਪਿਤਾ ਦੀ ਮ੍ਰਿਤਕ ਦੇਹ ਖਾਨਪੁਰ ਰੋਡ ਤੋਂ ਬੂੰਗਾ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ ਦੇ ਇੱਕ ਕੱਚੇ ਪਹੇ ‘ਤੇ ਪਈ ਮਿਲੀ ਹੈ।ਸੂਚਨਾ ਮਿਲਦੇ ਹੀ ਅਸੀਂ ਮੌਕੇ ‘ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਉੱਥੇ ਉਨ੍ਹਾਂ ਦੀ ਲਾਸ਼ ਪਈ ਸੀ,ਜਿਨਾਂ ਦਾ ਮੋਬਾਇਲ ਫੋਨ ਗਾਇਬ ਸੀ ਅਤੇ ਪਰਸ ਵਿੱਚ ਪਿਆ 9 ਸੌ ਰੁਪਏ ਪੁਲਿਸ ਨੇ ਸਾਡੇ ਹਵਾਲੇ ਕਰਦਿਆਂ ਲਾਸ਼ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੀ ਮੋਰਚਰੀ ‘ਚ ਰਖਾ ਦਿੱਤਾ,ਜਿਨਾਂ ਦਾ ਅਗਲੇ ਦਿਨ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਤਾ ਜੀ ਦੀ ਇਸ ਤਰ੍ਹਾਂ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ,ਜਦਕਿ ਸਾਡੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਅਤੇ ਨਾ ਹੀ ਇਸ ਪਾਸੇ ਵੱਲ ਸਾਡੀ ਕੋਈ ਰਿਸ਼ਤੇਦਾਰੀ ਹੈ।
ਜ਼ਿਕਰ ਯੋਗ ਹੈ ਕਿ ਨਾਹਰ ਸਿੰਘ ਮੁਬਾਰਕਪੁਰੀ ਇੱਕ ਪ੍ਰਗਤੀਵਾਦੀ ਤੇ ਇਨਕਲਾਬੀ ਕਵੀ ਸਨ,ਜਿਨ੍ਹਾਂ ਨੇ ਆਪਣੀਆਂ ਦੋ ਕਾਵਿ ਪੁਸਤਕਾਂ ‘ਪੰਜਾਬ ਸਾਵਧਾਨ’ ਅਤੇ ਦਿੱਲੀਏ ਨੀ…ਸਹਿਤ ਜਗਤ ਦੀ ਝੋਲੀ ਪਾਈਆਂ ਅਤੇ ਉਹ ਜਿਲ੍ਹਾ ਮਾਲੇਰਕੋਟਲਾ ਸਮੇਤ ਇਲਾਕੇ ਦੇ ਹਰ ਕਵੀ ਸੰਮੇਲਨ ਤੇ ਕਵੀ ਦਰਬਾਰਾਂ ਦੀ ਸਾਨ ਹੋਇਆ ਕਰਦੇ ਸਨ।
ਮਰਹੂਮ ਲੇਖਕ ਮੁਬਾਰਕਪੁਰੀ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਕੇਂਦਰੀ ਲੇਖਕ ਸਭਾ (ਸੇਖੋਂ)ਦੇ ਪ੍ਰਧਾਨ ਪਵਨ ਹਰਚੰਦਪੁਰੀ,ਮੀਤ ਪ੍ਰਧਾਨ ਗੁਲਜਾਰ ਸਿੰਘ ਸੌਂਕੀ,ਸਾਹਿਤ ਸਭਾ ਧੂਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਗਰਾ,ਕਾਮਰੇਡ ਰਮੇਸ਼ ਜੈਨ,ਸਾਹਿਤ ਸਭਾ ਸ਼ੇਰਪੁਰ ਵੱਲੋਂ ਸੁਖਦੇਵ ਸਿੰਘ ਔਲਖ,ਕੁਲਵੰਤ ਸਿੰਘ ਬੁੰਗਾ,ਸਾਹਿਤ ਸਭਾ ਮਾਲੇਰਕੋਟਲਾ ਦੇ ਜਨਰਲ ਸਕੱਤਰ ਡਾਕਟਰ ਰਕੇਸ਼ ਸ਼ਰਮਾ,ਵਿੱਤ ਸਕੱਤਰ ਨਿਰਮਲ ਸਿੰਘ ਫਲੌਂਡ,ਗੀਤਕਾਰ ਤੇ ਗਾਇਕ ਦਿਲਸ਼ਾਦ ਜਮਾਲਪੁਰੀ,ਗੌਰਮਿੰਟ ਪੈਨਸਨਰਜ਼ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸਰਵਰਪੁਰ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਨਾਹਰ ਸਿੰਘ ਮੁਬਾਰਕਪੁਰੀ ਦੀ ਇਸ ਤਰ੍ਹਾਂ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ।
ਕਹਿਣਾ ਹੈ ਚੌਂਕੀ ਇੰਚਾਰਜ ਦਾ : ਸਬੰਧਿਤ ਜੌੜੇਪੁਲ ਚੌਕੀ ਦੇ ਇੰਚਾਰਜ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮਰਹੂਮ ਨਾਹਰ ਸਿੰਘ ਮੁਬਾਰਕਪੁਰੀ ਦੇ ਗਾਇਬ ਹੋਏ ਫੋਨ ਦੀ ਲੋਕੇਸ਼ਨ ਅਤੇ ਕਾਲ ਡਿਟੇਲਾਂ ਸਮੇਤ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਸਾਰੇ ਪਹਿਲੂਆਂ ਤੋਂ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਪੂਰੀ ਘਟਨਾ ਸਬੰਧੀ ਸੱਚ ਸਾਹਮਣੇ ਲਿਆਂਦਾ ਜਾਵੇਗਾ।













