ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਹਵਾਈ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਹੈਲੀਕਾਪਟਰ ਹਵਾ ਵਿੱਚ ਹੀ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ।ਇਸ ਘਟਨਾ ਬਾਰੇ ਹੈਮੰਟਨ ਪੁਲਿਸ ਮੁਖੀ ਕੇਵਿਨ ਫ੍ਰੀਲ ਨੇ ਦੱਸਿਆ ਕਿ ਬਚਾਅ ਟੀਮਾਂ ਸਵੇਰੇ ਕਰੀਬ 11:25 ਵਜੇ ਇੱਕ ਜਹਾਜ਼ ਹਾਦਸੇ ਦੀ ਰਿਪੋਰਟ ਮਿਲਣ ‘ਤੇ ਮੌਕੇ ‘ਤੇ ਪਹੁੰਚੀਆਂ। ਇਸ ਘਟਨਾ ਵਾਲੀ ਥਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਹੈਲੀਕਾਪਟਰ ਤੇਜ਼ੀ ਨਾਲ ਜ਼ਮੀਨ ਵੱਲ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ।ਹਵਾ ’ਚ ਦੋ ਹੈਲੀਕਾਪਟਰਾਂ ਵਿਚਕਾਰ ਟੱਕਰ
ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਨੁਸਾਰ, ਹੈਮੰਟਨ ਮਿਊਂਸਪਲ ਏਅਰਪੋਰਟ ਦੇ ਉੱਪਰ ਇੱਕ ਐਨਸਟ੍ਰੋਮ F-28A (Enstrom F-28A) ਹੈਲੀਕਾਪਟਰ ਅਤੇ ਐਨਸਟ੍ਰੋਮ 280C (Enstrom 280C) ਹੈਲੀਕਾਪਟਰ ਵਿਚਕਾਰ ਇਹ ਟੱਕਰ ਹੋਈ ਹੈ। ਦੋਵਾਂ ਜਹਾਜ਼ਾਂ ਵਿੱਚ ਸਿਰਫ਼ ਪਾਇਲਟ ਹੀ ਸਵਾਰ ਸਨ। ਇਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਹਾਦਸੇ ’ਚ ਇੱਕ ਪਾਇਲਟ ਦੀ ਮੌਤ
ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਕੈਫੇ ਦੇ ਮਾਲਕ ਸੈਲ ਸਿਲਿਪਿਨੋ ਨੇ ਦੱਸਿਆ ਕਿ ਪਾਇਲਟ ਉਸ ਰੈਸਟੋਰੈਂਟ ਵਿੱਚ ਅਕਸਰ ਆਉਂਦੇ ਰਹਿੰਦੇ ਸਨ ਅਤੇ ਅਕਸਰ ਇਕੱਠੇ ਨਾਸ਼ਤਾ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਹੋਰ ਗਾਹਕਾਂ ਨੇ ਹੈਲੀਕਾਪਟਰਾਂ ਨੂੰ ਉੱਡਦੇ ਹੋਏ ਦੇਖਿਆ, ਜਿਸ ਤੋਂ ਬਾਅਦ ਇੱਕ ਹੈਲੀਕਾਪਟਰ ਹੇਠਾਂ ਵੱਲ ਘੁੰਮਣ ਲੱਗਾ ਅਤੇ ਇਸੇ ਦੌਰਾਨ ਦੂਜਾ ਵੀ ਘੁੰਮਿਆ ਤੇ ਹੇਠਾਂ ਆ ਡਿੱਗਿਆ।













