ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ੀਆ ਦਾ ਢਾਕਾ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 80 ਸਾਲਾਂ ਦੇ ਸਨ। ਉਨ੍ਹਾਂ ਦੀ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ, ਬੰਗਲਾਦੇਸ਼ ਨੈਸ਼ਨਾਲਿਸਟ ਪਾਰਟੀ (BNP) ਦੀ ਚੇਅਰਪਰਸਨ ਨੇ ਮੰਗਲਵਾਰ ਸਵੇਰੇ 6 ਵਜੇ ਆਖਰੀ ਸਾਹ ਲਿਆ।ਦਿਲ ਅਤੇ ਫੇਫੜਿਆਂ ਵਿੱਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ 23 ਨਵੰਬਰ, 2025 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਪਿਛਲੇ 36 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਾਰਟੀ ਨੇ ਆਪਣੇ ਬਿਆਨ ਵਿੱਚ ਕਿਹਾ, “ਬੀ.ਐਨ.ਪੀ. ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ੀਆ ਦਾ ਅੱਜ ਸਵੇਰੇ 6:00 ਵਜੇ ਫਜ਼ਰ ਦੀ ਨਮਾਜ਼ ਤੋਂ ਤੁਰੰਤ ਬਾਅਦ ਦੇਹਾਂਤ ਹੋ ਗਿਆ ਹੈ।” ਬਿਆਨ ਵਿੱਚ ਅੱਗੇ ਕਿਹਾ ਗਿਆ, “ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰਦੇ ਹਾਂ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਵਿਛੜੀ ਰੂਹ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰਦੇ ਹਾਂ।”
ਕਈ ਬਿਮਾਰੀਆਂ ਨਾਲ ਜੂਝ ਰਹੇ ਸਨ ਖਾਲਿਦਾ ਜ਼ੀਆ
ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜ਼ੀਆ ਲੰਬੇ ਸਮੇਂ ਤੋਂ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿੱਚ ਲਿਵਰ ਸਿਰੋਸਿਸ, ਗਠੀਆ, ਸ਼ੂਗਰ (ਡਾਇਬੀਟੀਜ਼) ਅਤੇ ਗੁਰਦੇ, ਫੇਫੜਿਆਂ, ਦਿਲ ਤੇ ਅੱਖਾਂ ਨਾਲ ਸਬੰਧਤ ਪੁਰਾਣੀਆਂ ਬਿਮਾਰੀਆਂ ਸ਼ਾਮਲ ਸਨ।
ਮੈਡੀਕਲ ਬੋਰਡ ਦੀ ਨਿਗਰਾਨੀ ਹੇਠ ਚੱਲ ਰਿਹਾ ਸੀ ਇਲਾਜ
ਉਨ੍ਹਾਂ ਦਾ ਇਲਾਜ ਕਾਰਡੀਓਲੋਜਿਸਟ ਸ਼ਾਹਬੂਦੀਨ ਤਾਲੁਕਦਾਰ ਦੀ ਅਗਵਾਈ ਵਾਲੇ ਇੱਕ ਮੈਡੀਕਲ ਬੋਰਡ ਦੀ ਦੇਖ-ਰੇਖ ਵਿੱਚ ਹੋ ਰਿਹਾ ਸੀ, ਜਿਸ ਵਿੱਚ ਬੰਗਲਾਦੇਸ਼, ਯੂਕੇ, ਅਮਰੀਕਾ, ਚੀਨ ਅਤੇ ਆਸਟਰੇਲੀਆ ਦੇ ਮਾਹਿਰ ਡਾਕਟਰ ਸ਼ਾਮਲ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਉਨ੍ਹਾਂ ਦੀ ਨਾਜ਼ੁਕ ਹਾਲਤ ਕਾਰਨ ਇਹ ਸੰਭਵ ਨਹੀਂ ਹੋ ਸਕਿਆ।













