ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਵਿਦੇਸ਼ੀ ਪਿਸਤੌਲਾਂ ਅਤੇ 26 ਕਾਰਤੂਸਾਂ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ।ਉਕਤ ਨੌਜਵਾਨਾਂ ਦੇ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨਾਲ ਤਾਰ ਜੁੜਦੇ ਨਜ਼ਰ ਆ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਗਿੱਲ ਪੱਤੀ, ਗੁਰਵਿੰਦਰ ਸਿੰਘ ਵਾਸੀ ਕੋਟਸ਼ਮੀਰ ਅਤੇ ਗਗਨਦੀਪ ਸਿੰਘ ਵਾਸੀ ਪਿੰਡ ਭੋਖੜਾ (ਜ਼ਿਲ੍ਹਾ ਬਠਿੰਡਾ) ਵਜੋਂ ਹੋਈ ਹੈ। ਥਾਣਾ ਥਰਮਲ ਦੇ ਐਸਐਚਓ ਗੁਰਦਰਸ਼ਨ ਸਿੰਘ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਟਰਾਂਸਪੋਰਟ ਨਗਰ ਦੇ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਬਿਨਾਂ ਨੰਬਰਾਂ ਵਾਲੀ ਵਰਨਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ।ਕਾਰ ਵਿੱਚ ਸਵਾਰ ਤਿੰਨਾਂ ਨੌਜਵਾਨਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਚਾਰ ਵਿਦੇਸ਼ੀ ਪਿਸਤੌਲ ਅਤੇ 26 ਕਾਰਤੂਸ ਬਰਾਮਦ ਹੋਏ। ਐਸਐਚਓ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਕਾਰ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਦੇ ਨਾਮ ’ਤੇ ਰਜਿਸਟਰਡ ਹੈ ਅਤੇ ਇਸਦਾ ਇਸਤੇਮਾਲ ਪਹਿਲਾਂ ਕਿਸੇ ਅਪਰਾਧ ਵਿੱਚ ਤਾਂ ਨਹੀਂ ਕੀਤਾ ਗਿਆ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਥਰਮਲ ਵਿੱਚ ਹਥਿਆਰ ਕਾਨੂੰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੈਂਗਵਾਰ ਦੀ ਤਿਆਰੀ ’ਚ ਸਨ ਮੁਲਜ਼ਮ
ਪੁਲਿਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੇ ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਇੱਕ ਗੈਂਗਵਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੇ ਨਿਸ਼ਾਨੇ ’ਤੇ ਬਠਿੰਡਾ ਜ਼ਿਲ੍ਹੇ ਦਾ ਇਕ ਖਤਰਨਾਕ ਗੈਂਗਸਟਰ ਸੀ। ਹਾਲਾਂਕਿ ਇਸ ਸਬੰਧ ਵਿੱਚ ਕਿਸੇ ਵੀ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਪਤਾ ਲੱਗਾ ਹੈ ਕਿ ਵਿਦੇਸ਼ ਵਿਚ ਬੈਠੇ ਕਿਸੇ ਗੈਂਗਸਟਰ ਨੇ ਇਹ ਵਿਦੇਸ਼ੀ ਹਥਿਆਰ ਉਕਤ ਨੌਜਵਾਨਾਂ ਨੂੰ ਭੇਜੇ ਸਨ, ਜਿੰਨ੍ਹਾਂ ਨੇ ਗੈਂਗਵਾਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਪਰ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ ਗਏ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਅਤੇ ਅਪਰਾਧਿਕ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਗ੍ਰਿਫ਼ਤਾਰੀ ਨਾਲ ਜ਼ਿਲ੍ਹੇ ਵਿੱਚ ਵੱਡੀ ਅਪਰਾਧਿਕ ਵਾਰਦਾਤ ਟਲ ਗਈ ਹੈ।













