ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇੱਕ ਪਤਨੀ ਨੇ ਆਪਣੇ 16 ਸਾਲਾ ਪੁੱਤਰ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ ਤਾਂ ਜੋ ਇਸਨੂੰ ਖ਼ੁਦਕੁਸ਼ੀ ਦਾ ਰੂਪ ਦਿੱਤਾ ਜਾ ਸਕੇ ਅਤੇ ਅੱਠ ਦਿਨਾਂ ਤੱਕ ਪਤੀ ਦੇ ਲਾਪਤਾ ਹੋਣ ਦਾ ਨਾਟਕ ਵੀ ਰਚਿਆ ਗਿਆ। ਪੁਲਿਸ ਨੇ ਪਤਨੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਬਾਲਗ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਹੈ।
ਕਤਲ ਦਾ ਕਾਰਨ: ਸ਼ਰਾਬ ਅਤੇ ਘਰੇਲੂ ਕਲੇਸ਼
ਬਾਂਸਵਾੜਾ ਦੇ ਐੱਸਪੀ ਸੁਧੀਰ ਜੋਸ਼ੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਨੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਸ਼ਰਾਬ ਦਾ ਆਦੀ ਸੀ ਅਤੇ ਆਏ ਦਿਨ ਘਰ ਵਿੱਚ ਝਗੜਾ ਕਰਦਾ ਸੀ। 18 ਫਰਵਰੀ ਦੀ ਰਾਤ ਨੂੰ ਨਸ਼ੇ ਵਿੱਚ ਹੋਏ ਵਿਵਾਦ ਤੋਂ ਬਾਅਦ ਪਤਨੀ ਅਤੇ ਪੁੱਤਰ ਨੇ ਰੁਮਾਲ ਨਾਲ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਸਾਜ਼ਿਸ਼ ਵਿੱਚ ਰਿਸ਼ਤੇਦਾਰ ਵੀ ਸ਼ਾਮਲ
ਕਤਲ ਤੋਂ ਬਾਅਦ ਔਰਤ ਨੇ ਆਪਣੀ ਇੱਕ ਸਹੇਲੀ, ਉਸਦੀ ਸੱਸ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਬੁਲਾਇਆ। ਇਨ੍ਹਾਂ ਪੰਜਾਂ ਨੇ ਮਿਲ ਕੇ ਲਾਸ਼ ਨੂੰ ਲੱਕੜ ਦੀ ਪੌੜੀ ਨਾਲ ਬੰਨ੍ਹਿਆ ਅਤੇ ਪਿੰਡ ਦੇ ਨੇੜੇ ਇੱਕ ਨਾਲੇ ਵਿੱਚ ਸੁੱਟ ਦਿੱਤਾ। 26 ਫਰਵਰੀ ਨੂੰ ਔਰਤ ਨੇ ਖ਼ੁਦ ਪੁਲਿਸ ਕੋਲ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਦਕਿ ਉਸੇ ਦਿਨ ਨਾਲੇ ‘ਚੋਂ ਲਾਸ਼ ਮਿਲੀ ਸੀ। ਮ੍ਰਿਤਕ ਦੇ ਭਰਾਵਾਂ ਵੱਲੋਂ ਜਤਾਏ ਗਏ ਸ਼ੱਕ ਤੋਂ ਬਾਅਦ ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।













