ਕੈਨੇਡਾ ਦੇ ਸਸਕੈਚਵਨ ਸੂਬੇ ਦੇ ਨੌਰਥ ਬੈਟਲਫੋਰਡ ਸ਼ਹਿਰ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿੱਚ 30 ਸਾਲਾ ਪੰਜਾਬੀ ਨੌਜਵਾਨ ਦੇਵਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਦੇਵਿੰਦਰ ਸਿੰਘ Crown Cab ਕੰਪਨੀ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਸ਼ੁੱਕਰਵਾਰ ਸਵੇਰੇ ਉਹ ਇੱਕ ਮੋਟਲ ਦੇ ਬਾਹਰ ਸਵਾਰੀ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਇੱਕ ਔਰਤ ਮੋਟਲ ਤੋਂ ਬਾਹਰ ਆਈ ਜਿਸਦਾ ਇੱਕ ਵਿਅਕਤੀ ਪਿੱਛਾ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਔਰਤ ‘ਤੇ ਗੋਲੀ ਚਲਾਈ ਪਰ ਗੋਲੀ ਟੈਕਸੀ ਵਿੱਚ ਬੈਠੇ ਦੇਵਿੰਦਰ ਸਿੰਘ ਨੂੰ ਲੱਗ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੇਵਿੰਦਰ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ ਦਾ ਰਹਿਣ ਵਾਲਾ ਸੀ। ਉਹ ਕਰੀਬ 4 ਸਾਲ ਪਹਿਲਾਂ ਕੈਨੇਡਾ ਆਪਣੀ ਪਤਨੀ ਕੋਲ ਗਿਆ ਸੀ। ਟੈਕਸੀ ਚਲਾਉਣ ਦੇ ਨਾਲ-ਨਾਲ ਉਹ ਆਪਣੀ ਪਤਨੀ ਨਾਲ ਮਿਲ ਕੇ ਇੱਕ ਕੈਫੇ ਵੀ ਚਲਾਉਂਦਾ ਸੀ। ਉਸ ਦਾ ਵਿਆਹ ਲਗਭਗ 6 ਸਾਲ ਪਹਿਲਾਂ ਹੋਇਆ ਸੀ। ਮਾਮਲੇ ਦੀ ਜਾਂਚ RCMP ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਹੋਮੀਸਾਈਡ ਕਰਾਰ ਦਿੱਤਾ ਗਿਆ ਹੈ।













