ਅਮਰੀਕਾ ਅਤੇ ਈਰਾਨ ਵਿਚਾਲੇ ਪ੍ਰਸਤਾਵਿਤ ਦੂਜੇ ਦੌਰ ਦੀ ਗੱਲਬਾਤ ‘ਤੇ ਅਨਿਸ਼ਚਿਤਤਾ ਵਧ ਗਈ ਹੈ। ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫਿਲਹਾਲ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਯੋਜਨਾ ਨਹੀਂ ਬਣਾ ਰਿਹਾ। ਇਹ ਜਾਣਕਾਰੀ ਈਰਾਨ ਦੀ ਸਰਕਾਰੀ ਮੀਡੀਆ ਨੇ ਦਿੱਤੀ ਹੈ।ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਇਸਲਾਮਾਬਾਦ ਵਿੱਚ ਦੂਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਜੋ ਖ਼ਬਰਾਂ ਚੱਲ ਰਹੀਆਂ ਹਨ, ਉਹ ਸਹੀ ਨਹੀਂ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਕਰਨ ਵਾਲਿਆਂ ਨੂੰ ਪਾਕਿਸਤਾਨ ਭੇਜਣ ਦਾ ਹੁਕਮ ਦਿੱਤਾ ਹੈ, ਜਦਕਿ ਮਿਡਲ ਈਸਟ ਵਿੱਚ ਜੰਗਬੰਦੀ 22 ਅਪ੍ਰੈਲ ਨੂੰ ਖ਼ਤਮ ਹੋਣ ਵਾਲੀ ਹੈ।ਅਮਰੀਕਾ ‘ਤੇ ਲਾਏ ਗੰਭੀਰ ਦੋਸ਼
ਈਰਾਨ ਨੇ ਅਮਰੀਕਾ ‘ਤੇ ਬਹੁਤ ਜ਼ਿਆਦਾ ਮੰਗਾਂ ਰੱਖਣ ਦਾ ਦੋਸ਼ ਲਗਾਇਆ ਹੈ। ਉਸ ਅਨੁਸਾਰ, ਅਮਰੀਕਾ ਦੀਆਂ ਗੈਰ-ਵਿਵਹਾਰਕ ਸ਼ਰਤਾਂ, ਵਾਰ-ਵਾਰ ਬਦਲਦਾ ਰੁਖ ਅਤੇ ਵਿਰੋਧੀ ਬਿਆਨਬਾਜ਼ੀ ਗੱਲਬਾਤ ਵਿੱਚ ਰੁਕਾਵਟ ਬਣ ਰਹੀ ਹੈ।
ਈਰਾਨ ਨੇ ਇਹ ਵੀ ਕਿਹਾ ਕਿ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਹੈ ਅਤੇ ਇਸ ਨਾਲ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ। ਤਹਿਰਾਨ ਦਾ ਕਹਿਣਾ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਸਕਾਰਾਤਮਕ ਗੱਲਬਾਤ ਦੀ ਸੰਭਾਵਨਾ ਬਹੁਤ ਘੱਟ ਹੈ।
‘ਬਲੇਮ ਗੇਮ’ ਅਤੇ ਵਧਦਾ ਤਣਾਅ
ਈਰਾਨ ਨੇ ਅਮਰੀਕਾ ‘ਤੇ ‘ਬਲੇਮ ਗੇਮ’ ਖੇਡਣ ਦਾ ਵੀ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਅਮਰੀਕਾ ਜਾਣਬੁੱਝ ਕੇ ਇਹ ਖ਼ਬਰ ਫੈਲਾ ਰਿਹਾ ਹੈ ਕਿ ਈਰਾਨ ਗੱਲਬਾਤ ਵਿੱਚ ਸ਼ਾਮਲ ਹੋਵੇਗਾ, ਤਾਂ ਜੋ ਉਸ ‘ਤੇ ਦਬਾਅ ਬਣਾਇਆ ਜਾ ਸਕੇ।
ਇਸ ਦੌਰਾਨ, ਅਮਰੀਕੀ ਘੇਰਾਬੰਦੀ ਅਤੇ ਇੱਕ ਈਰਾਨੀ ਜਹਾਜ਼ ‘ਤੇ ਕਾਰਵਾਈ ਨੇ ਤਣਾਅ ਹੋਰ ਵਧਾ ਦਿੱਤਾ ਹੈ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਦਾ ਜਵਾਬ ਦੇਵੇਗਾ। ਸੂਤਰਾਂ ਅਨੁਸਾਰ, ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਘੇਰਾਬੰਦੀ ਨਹੀਂ ਹਟਦੀ, ਉਦੋਂ ਤੱਕ ਗੱਲਬਾਤ ਸੰਭਵ ਨਹੀਂ ਹੈ।
ਟਰੰਪ ਦਾ ਬਿਆਨ
ਡੋਨਾਲਡ ਟਰੰਪ ਨੇ ਈਰਾਨ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਸਮਝੌਤੇ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਨੂੰ ਵਾਜਬ ਅਤੇ ਚੰਗਾ ਪ੍ਰਸਤਾਵ ਦੇ ਰਿਹਾ ਹੈ ਅਤੇ ਉਮੀਦ ਹੈ ਕਿ ਈਰਾਨ ਇਸ ਨੂੰ ਸਵੀਕਾਰ ਕਰੇਗਾ।














Add Comment