ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਪੁਲਿਸ ਨੇ ਚਾਰ ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਲਗਭਗ 9 ਲੱਖ ਡਾਲਰ ਮੁੱਲ ਦੀ ਡਰੱਗ ਬਰਾਮਦ ਕੀਤੀ ਗਈ ਹੈ।
ਪੁਲਿਸ ਵੱਲੋਂ ਕੀਤੀ ਤਲਾਸ਼ੀ ਦੌਰਾਨ 15.89 ਕਿਲੋਗ੍ਰਾਮ ਅਫ਼ੀਮ, 559 ਗ੍ਰਾਮ ਕੋਕੇਨ, 468 ਗ੍ਰਾਮ ਫੈਂਟਾਨਿਲ, 148 ਗ੍ਰਾਮ ਮੈਥਐਮਫੈਟਾਮਾਈਨ, 35 ਗ੍ਰਾਮ ਹੈਰੋਇਨ, 1,529 ਗ੍ਰਾਮ ਭੰਗ ਅਤੇ ਨਸ਼ਿਆਂ ਦੀ ਪੈਕਿੰਗ ਤੇ ਤਸਕਰੀ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ 2,149 ਡਾਲਰ ਤੋਂ ਵੱਧ ਨਕਦੀ ਵੀ ਜ਼ਬਤ ਕੀਤੀ ਗਈ।
ਜਾਂਚ ਦੇ ਨਤੀਜੇ ਵਜੋਂ 24 ਸਾਲਾ ਗੁਰਜੋਤ ਸਿੰਘ ਨੂੰ 19 ਜੂਨ 2026 ਨੂੰ ਮੁੜ ਗ੍ਰਿਫ਼ਤਾਰ ਕਰਕੇ Controlled Drugs and Substances Act ਤਹਿਤ ਚਾਰਜ ਕੀਤਾ ਗਿਆ ਹੈ। ਉਸ ਨੂੰ 26 ਜੂਨ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ ਗੁਰਜੋਤ ਸਿੰਘ ਵਿਦੇਸ਼ੀ ਨਾਗਰਿਕ ਹੈ ਅਤੇ ਮਾਮਲੇ ਸਬੰਧੀ CBSA ਨਾਲ ਸੰਪਰਕ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਉੱਤੇ ਕੋਈ ਚਾਰਜ ਨਹੀਂ ਲਗਾਇਆ ਗਿਆ, ਪਰ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ।














Add Comment