ਕੈਨੇਡਾ ਦੇ ਪ੍ਰੋਵਿੰਸ ਕਿਊਬਕ ਦੇ ਵੱਡੇ ਸ਼ਹਿਰ ਮਾਂਟਰੀਆਲ ਵਿਖੇ ਲੰਘੇ ਕੱਲ੍ਹ ਇੱਕ ਘਾਤਕ ਹਮਲੇ ਵਿੱਚ ਇੱਕ ਪੁਲਿਸ ਅਫਸਰ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ ਹੈ। ਇਸ ਹਮਲੇ ਦਾ ਮੁੱਖ ਮੁਲਜ਼ਮ 25 ਸਾਲਾ ਸੈਥ ਸਕਾਟ ਹੈਟਫੀਲਡ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਘਟਨਾ ਮਾਂਟਰੀਆਲ ਦੇ ਕੋਟ-ਦੇ-ਨੇਜ ਇਲਾਕੇ ਵਿੱਚ ਇੱਕ ਹੋਟਲ ਦੇ ਨੇੜੇ ਵਾਪਰੀ। ਹਮਲਾਵਰ ਨੇ ਪੁਲਿਸ ਅਫਸਰ ਮੁਹੰਮਦ ਲਾਮੀਨ ਬੇਨਰੇਦੁਆਨ (34) ਅਤੇ 68 ਸਾਲਾ ਨਾਗਰਿਕ ਮਿਸ਼ੇਲ (ਮਾਈਕਲ ਮੋਸ਼ੇ) ਮਿਜ਼ਰਾਹੀ ਨੂੰ ਮਾਰਿਆ। ਇੱਕ ਹੋਰ ਅਫਸਰ ਜ਼ਖ਼ਮੀ ਹੋਇਆ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਉਸਦੀ ਇਸ ਦਹਿਸ਼ਤਗਰਦ ਕਾਰਵਾਈ ਨੇ ਕੈਨੇਡਾ ਨਿਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਉਸਦੇ ਮਰਨ ਤੋਂ ਬਾਅਦ ਪੁਲਿਸ ਦੇ ਹੱਥ ਲਗਭਗ 104 ਪੰਨਿਆਂ ਦਾ ਇੱਕ ਮੈਨੀਫੈਸਟੋ ਲੱਗਿਆ ਹੈ ਜਿਸ ਵਿੱਚ ਇੰਸੈੱਲ (ਇਨਵੌਲੰਟਰੀ ਸੈਲੀਬੇਟ) ਵਿਚਾਰਧਾਰਾ ਨਾਲ ਜੁੜੀਆਂ ਔਰਤਾਂ ਵਿਰੋਧੀ ਭਾਵਨਾਵਾਂ ਅਤੇ ਹਿੰਸਕ ਇਨਕਲਾਬੀ ਵਿਚਾਰ ਲਿਖੇ ਹੋਏ ਮਿਲੇ ਹਨ। ਕਿਊਬੈਕ ਦੇ ਕੋਰੋਨਰ ਦਫਤਰ ਨੇ ਹੈਟਫੀਲਡ ਨੂੰ 25 ਸਾਲਾ ਲੈਥਬ੍ਰਿਜ (ਅਲਬਰਟਾ) ਵਾਸੀ ਵਜੋਂ ਪਛਾਣਿਆ ਹੈ। ਉਹ ਯੂਨੀਵਰਸਿਟੀ ਆਫ ਲੈਥਬ੍ਰਿਜ ਵਿੱਚ ਫਿਲਾਸਫੀ ਦਾ ਵਿਦਿਆਰਥੀ ਸੀ ਅਤੇ ਡੀਨਜ਼ ਆਨਰ ਲਿਸਟ ਵਿੱਚ ਵੀ ਸ਼ਾਮਲ ਰਿਹਾ ਹੈ।
ਹੁਣ ਵੱਡਾ ਸਵਾਲ ਹੈ ਕਿ ਇੱਕ ਪੜਿਆ ਲਿਖਿਆ ਨੌਜਵਾਨ ਇਸ ਤਰ੍ਹਾਂ ਦੀ ਹਿੰਸਕ ਵਿਚਾਰਧਾਰਾ ਨਾਲ ਕਿਵੇਂ ਜੁੜਿਆ, ਮਨ ਵਿੱਚ ਹਿੰਸਾ ਜਾਂ ਕਿਸੇ ਨੂੰ ਕਤਲ ਕਰ ਦੇਣ ਵਾਲੇ ਵਿਚਾਰ ਕਿਵੇਂ ਉਪਜੇ? ਹੈਟਫੀਲਡ ਨੇ “Manifesto of June 22nd” ਨਾਮਕ ਲਗਭਗ 104 ਪੰਨਿਆਂ ਦਾ ਦਸਤਾਵੇਜ਼ ਤਿਆਰ ਕੀਤਾ ਸੀ, ਜੋ ਜੂਨ 8 ਨੂੰ ਲਿਖਿਆ ਗਿਆ ਸੀ । ਇਸ ਵਿੱਚ ਔਰਤਾਂ ਵਿਰੋਧੀ ਰਿਟੋਰਿਕ, ਹਾਈਪਰਗੈਮੀ (ਔਰਤਾਂ ਦੀ ਉੱਚ ਪੱਧਰੀ ਭਾਗੀਦਾਰੀ) ਵਿਰੋਧੀ ਵਿਚਾਰ, ਕੈਪੀਟਲਿਜ਼ਮ, ਲਿਬਰਲਿਜ਼ਮ, ਜਿਓਨਿਜ਼ਮ ਅਤੇ ਆਨਲਾਈਨ ਪੋਰਨੋਗ੍ਰਾਫੀ ਵਿਰੋਧੀ ਭਾਵਨਾਵਾਂ ਸਨ। ਉਸ ਨੇ ਪੋਰਨ ਇੰਡਸਟਰੀ, ਪੁਲਿਸ ਅਤੇ ਤਾਕਤਵਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਹੈ। ਮੈਨੀਫੈਸਟੋ ਇੰਸੈੱਲ ਵਿਚਾਰਧਾਰਾ ਨਾਲ ਜੁੜਿਆ ਹੈ ਜਿਸ ਵਿੱਚ ਔਰਤਾਂ ਅਤੇ ਅਜੌਕੇ ਸਮਾਜ ਨੂੰ ਪੁਰਖਾਂ ਦੀ “ਇਨਵੌਲੰਟਰੀ ਲੋਨਲੀਨੈੱਸ” ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇੰਸੈਲ ਵਿਚਾਰਧਾਰਾ ਸਮਾਜ਼ ਦੇ ਉਹ ਇਕੱਲੇ ਰਹਿ ਗਏ ਲੋਕਾਂ ਦੀ ਸੋਚ ਹੈ ਜਿੰਨਾ ਨੂੰ ਲੱਗਦਾ ਹੈ ਕਿ ਔਰਤਾਂ ਦਾ ਉਨ੍ਹਾਂ ਨੂੰ ਨਾ ਪਸੰਦ ਕਰਨਾ ਇਸ ਲਈ ਹੈ ਕਿਉਂਕਿ ਉਹ ਜਨਮ ਤੋਂ ਹੀ ਜ਼ਿਆਦਾ ਆਕਰਸ਼ਿਤ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਮਾਲਕ ਨਹੀਂ ਹਨ ਤੇ ਇਸ ਲਈ ਉਨ੍ਹਾਂ ਨੂੰ ਨਾ ਪਸੰਦ ਕੀਤਾ ਜਾਂਦਾ ਹੈ, ਉਨਾਂ ਲਈ ਇਸ ਸਭ ਕਾਸੇ ਲਈ ਔਰਤਾਂ ਦੇ ਨਾਲ ਸਮਾਜ਼ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ ਜਿੰਨਾ ਨੇ ਸੁੰਦਰਤਾ ਜਾਂ ਆਕਰਸ਼ਣ ਲਈ ਇਹੋ ਜਿਹੇ ਮਾਪਦੰਡ ਬਣਾਏ ਹਨ।
ਇੰਨਾ ਦਾ ਮੰਨਣਾ ਹੈ ਕਿ ਵੈਸਟਰਨ ਸੋਸਾਇਟੀ ਵਿੱਚ ਔਰਤਾਂ ਦੀ ਸਰਦਾਰੀ ਹੈ, ਔਰਤਾਂ ਸਵੈ ਨਿਰਭਰ ਹੋਣ ਕਰਕੇ ਉਨ੍ਹਾਂ ਲਈ ਮਰਦਾਂ ਦੀ ਬਹੁਤੀ ਲੋੜ ਨਹੀਂ ਰਹੀ ਹੈ। ਇਸ ਕਰਕੇ ਔਰਤਾਂ ਅਤੇ ਸਮਾਜ ਦੇ ਆਪੇ ਬਣੇ ਚੌਧਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਇਹੋ ਜਿਹੇ ਲੋਕ ਕਰ ਲੈਂਦੇ ਹਨ। ਇਸ ਮੈਨੇਫੈਸਟੋ ਦੇ ਅੰਤ “Be unflinching, go forth, and KILL THEM ALL!” ਨਾਲ ਹੋਇਆ ਹੈ। ਇਹ ਮੈਨੀਫੈਸਟੋ ਅਕਾਦਮਿਕ ਢੰਗ ਨਾਲ ਲਿਖਿਆ ਗਿਆ ਸੀ ਅਤੇ ਇਸ ਦੇ ਵਿੱਚ ਕੁੱਝ ਹਵਾਲੇ ਵੀ ਸਨ। ਇਸ ਨੇ ਔਰਤਾਂ ਨੂੰ ਰੋਜ਼ਗਾਰ ਤੋਂ ਬਾਹਰ ਰੱਖਣ ਅਤੇ ਉਨ੍ਹਾਂ ਨੂੰ ਰੋਬੋਟਸ ਨਾਲ ਬਦਲਣ ਵਰਗੀਆਂ ਗੱਲਾਂ ਵੀ ਕੀਤੀਆਂ ਗਈਆਂ ਹਨ। ਇਹੋ ਜਿਹੇ ਵਿਚਾਰਾਂ ਦਾ ਪ੍ਰਚਾਰ ਅੱਜਕਲ੍ਹ ਇੰਟਰਨੈੱਟ ਸੋਸ਼ਲ ਮੀਡੀਆ ਨਾਲ ਵੀ ਬਹੁਤ ਹੋ ਰਿਹਾ ਹੈ। ਅਸਲ ਦੇ ਵਿੱਚ ਦੁਨੀਆਂ ਦੇ ਅਜੌਕੇ ਮਾਡਲ ਵਿੱਚ ਕਾਮਯਾਬੀ ਦੀ ਲੀਹ ਤੋਂ ਉਤਰੇ ਲੋਕਾਂ ਲਈ ਕੋਈ ਬਹੁਤਾ ਸਤਿਕਾਰ ਨਹੀਂ ਹੈ। ਇਹੋ ਜਿਹੇ ਵਿਚਾਰ ਜਾਂ ਦ੍ਰਿਸ਼ਟੀਕੋਣ ਦੁਨੀਆਂ ਦੇ ਹਰ ਹਿੱਸੇ ਵਿੱਚ ਹਨ। ਲੋਕ ਇੱਕਲੇਪਣ ਜਾਂ ਸਵੈ-ਹੀਣਤਾ ਦਾ ਸ਼ਿਕਾਰ ਹੋ ਕ੍ਰਿਮੀਨਲ ਪ੍ਰਵਿਰਤੀ ਦੇ ਮਾਲਕ ਬਣ ਬੈਠਦੇ ਹਨ।













