ਬੈਲਜੀਅਮ ਵਿੱਚ ਇੱਕ ਆਮ ਖੁਦਾਈ ਦਾ ਕੰਮ ਖਜ਼ਾਨੇ ਦੀ ਖੋਜ ਵਿੱਚ ਬਦਲ ਗਿਆ, ਜਦੋਂ 18 ਸਾਲਾ ਵਿਦਿਆਰਥੀ ਅਤੇ ਕੰਸਟ੍ਰਕਸ਼ਨ ਵਰਕਰ ਕੋਬੇ ਨੂੰ ਸੀਵਰੇਜ ਦੀ ਖੁਦਾਈ ਦੌਰਾਨ ਲਗਭਗ 9 ਮਿਲੀਅਨ ਯੂਰੋ (ਕਰੀਬ 10.4 ਮਿਲੀਅਨ ਅਮਰੀਕੀ ਡਾਲਰ) ਮੁੱਲ ਦਾ ਸੋਨਾ ਮਿਲਿਆ।
ਇਹ ਘਟਨਾ ਬੈਲਜੀਅਮ ਦੇ ਸਿੰਟ-ਗਿਲਿਸ-ਡੈਂਡਰਮੋਂਡੇ ਇਲਾਕੇ ਵਿੱਚ ਲੰਘੇ ਗਿਆਰਾਂ ਅਗਸਤ ਨੂੰ ਵਾਪਰੀ ਹੈ, ਜਿੱਥੇ ਇੱਕ ਪੁਰਾਣੀ ਬਰੂਅਰੀ ਇਮਾਰਤ ਨੂੰ ਨਵੇਂ ਦਫ਼ਤਰਾਂ ਅਤੇ ਰਿਹਾਇਸ਼ੀ ਸਹੂਲਤਾਂ ਵਿੱਚ ਤਬਦੀਲ ਕਰਨ ਲਈ ਕੰਮ ਚੱਲ ਰਿਹਾ ਸੀ। ਨਵੀਂ ਸੀਵਰੇਜ ਲਾਈਨ ਲਈ ਪੁਟਾਈ ਕਰਦਿਆਂ ਮਜ਼ਦੂਰਾਂ ਨੂੰ ਇੱਕ ਬੰਦ ਕੀਤੀ ਗਈ ਤਹਿਖਾਨੇ ਦੀ ਕੰਧ ਵਿੱਚ ਸੋਨੇ ਦਾ ਭੰਡਾਰ ਮਿਲ ਗਿਆ ਜਿਸਦੀ ਕੀਮਤ ਦਸ ਮਿਲੀਅਨ ਡਾਲਰ ਬਣਦੀ ਹੈ।
ਖਜ਼ਾਨੇ ਵਿੱਚ 49 ਸੋਨੇ ਦੀਆਂ ਇੱਟਾਂ (ਗੋਲਡ ਬਾਰ), ਸੋਨੇ ਦੇ ਸਿੱਕੇ ਅਤੇ ਹੋਰ ਸੋਨੇ ਦੇ ਟੁਕੜੇ ਸ਼ਾਮਲ ਸਨ। ਕੋਬੇ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੂੰ ਇਹ ਸਿੱਕੇ ਆਮ ਯੂਰੋ ਦੇ ਸਿੱਕਿਆਂ ਵਰਗੇ ਲੱਗੇ, ਪਰ ਜਲਦੀ ਹੀ ਪਤਾ ਲੱਗ ਗਿਆ ਕਿ ਇਹ ਬੇਹੱਦ ਕੀਮਤੀ ਸੋਨਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਕੋਬੇ ਅਤੇ ਉਸਦੇ ਸਾਥੀਆਂ ਨੇ ਸੋਨਾ ਆਪਣੇ ਕੋਲ ਰੱਖਣ ਦੀ ਬਜਾਏ ਤੁਰੰਤ ਪੁਲਿਸ ਅਤੇ ਕੰਮ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਬਾਅਦ ਵਿੱਚ ਸੋਨੇ ਨੂੰ ਸੁਰੱਖਿਅਤ ਸਰਕਾਰੀ ਵੌਲਟ ਵਿੱਚ ਰੱਖ ਦਿੱਤਾ ਗਿਆ ਹੈ। ਅਧਿਕਾਰੀ ਹੁਣ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ ਕਿ ਇਹ ਖਜ਼ਾਨਾ ਅਸਲ ਵਿੱਚ ਕਿਸ ਦਾ ਸੀ ਅਤੇ ਇਹ ਉੱਥੇ ਕਿਵੇਂ ਪਹੁੰਚਿਆ। ਸ਼ੁਰੂਆਤੀ ਤੌਰ ’ਤੇ ਸ਼ੱਕ ਹੈ ਕਿ ਸੋਨਾ ਇਸ ਇਮਾਰਤ ਦੇ ਪੁਰਾਣੇ ਮਾਲਕ ਵੈਨ ਐਸੇ ਪਰਿਵਾਰ ਨਾਲ ਸਬੰਧਤ ਹੋ ਸਕਦਾ ਹੈ। ਹਾਲਾਂਕਿ, ਅੰਤਿਮ ਮਾਲਕੀ ਬਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣੀ ਬਾਕੀ ਹੈ।














Add Comment