ਚੰਗੇ ਭਵਿੱਖ ਅਤੇ ਰੋਜ਼ਗਾਰ ਦੀ ਭਾਲ ’ਚ ਕੁਵੈਤ ਗਏ ਹਲਕਾ ਮਜੀਠਾ ਦੇ ਪਿੰਡ ਪੰਧੇਰ ਕਲਾਂ ਦੇ ਨੌਜਵਾਨ ਦੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਗਤਾਰ ਸਿੰਘ ਕੁਝ ਸਮਾਂ ਪਹਿਲਾਂ ਹੀ ਚੰਗੇ ਭਵਿੱਖ ਦੀ ਆਸ ਲੈ ਕੇ ਕੁਵੈਤ ਗਿਆ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਵਿਦੇਸ਼ ਤੋਂ ਫ਼ੋਨ ਆਇਆ ਕਿ ਜਗਤਾਰ ਸਿੰਘ ਜਿਸ ਇਮਾਰਤ ’ਚ ਆਪਣੇ ਸਾਥੀਆਂ ਨਾਲ ਰਹਿੰਦਾ ਸੀ, ਉਸ ’ਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ।
ਜਾਣਕਾਰੀ ਮੁਤਾਬਕ ਜਗਤਾਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਇਮਾਰਤ ’ਚ ਫਸੇ ਕਈ ਵਿਅਕਤੀਆਂ ਦੀਆਂ ਜਾਨਾਂ ਬਚਾਈਆਂ। ਇਸ ਤੋਂ ਬਾਅਦ ਜਦੋਂ ਉਹ ਅੰਦਰੋਂ ਆਪਣਾ ਕੁਝ ਸਮਾਨ ਲੈਣ ਗਿਆ ਤਾਂ ਅਚਾਨਕ ਅੱਗ ਦੀਆਂ ਲਪੇਟਾਂ ’ਚ ਆ ਗਿਆ, ਜਿਸ ਕਾਰਨ ਉਹ ਜ਼ਿੰਦਾ ਬਾਹਰ ਨਹੀਂ ਨਿਕਲ ਸਕਿਆ ਅਤੇ ਉਸ ਦੀ ਮੌਤ ਹੋ ਗਈ।ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਅਪੀਲ ਪ੍ਰਵਾਨ ਕੀਤੀ ਜਾਵੇ।













