ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਜਲ ਬੋਰਡ (DJB) ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਟੈਂਡਰ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਜੈਨ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਣ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਜੈਨ ਦੇ ਨਾਲ 4 ਹੋਰ ਮੁਲਜ਼ਮਾਂ ਨੂੰ ਵੀ ਜੇਲ੍ਹ ਭੇਜਿਆ ਗਿਆ ਹੈ, ਜਦਕਿ ਇੱਕ ਹੋਰ ਮੁਲਜ਼ਮ ਅੰਕਿਤ ਸ਼੍ਰੀਵਾਸਤਵ ਨੂੰ ਦੋ ਦਿਨਾਂ ਦੇ ਏਸੀਬੀ (ACB) ਰਿਮਾਂਡ ‘ਤੇ ਭੇਜਿਆ ਗਿਆ ਹੈ।
ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ :ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ (ACB) ਨੇ ਇਸ ਬਹੁ-ਚਰਚਿਤ ਘੁਟਾਲੇ ਵਿੱਚ ਮੰਗਲਵਾਰ ਨੂੰ ਸਤਿੰਦਰ ਜੈਨ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਦਿੱਲੀ ਜਲ ਬੋਰਡ ਦੇ ਸਾਬਕਾ ਸੀਈਓ ਅਤੇ ਆਈਏਐੱਸ ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਵੀ ਸ਼ਾਮਲ ਹਨ। ਜਾਂਚ ਏਜੰਸੀ ਮੁਤਾਬਕ, ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡੇਸ਼ਨ ਟੈਂਡਰ ਵਿੱਚ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ। ਏਸੀਬੀ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਲਗਭਗ 5 ਕਰੋੜ ਰੁਪਏ ਦੇ ਹਵਾਲਾ ਅਤੇ ਸ਼ੱਕੀ ਬੈਂਕਿੰਗ ਲੈਣ-ਦੇਣ ਹੋਏ ਹਨ ਅਤੇ ਟੈਂਡਰ ਪ੍ਰਕਿਰਿਆ ਵਿੱਚ ਨਿਯਮਾਂ ਦੀ ਉਲੰਘਣਾ ਕਰਦਿਆਂ ਇਸ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਸੀ।














Add Comment