ਅਮਰੀਕਾ, 3 ਜੂਨ 2021- ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਅਤੇ ਟੈਲਕਮ ਪਾਊਡਰ ਨਾਲ ਔਰਤਾਂ ਨੂੰ ਹੋਣ ਵਾਲੇ ਕੈਂਸਰ ਲਈ 14,500 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਪਏਗਾ। ਦਸ ਦੇਈਏ ਕਿ ਅਮਰੀਕੀ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਆਦੇਸ਼ਾਂ ‘ਤੇ ਮੁੜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਮੁਆਵਜ਼ੇ ਦੇ ਆਦੇਸ਼ ‘ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ।
ਇਹ ਮੁਆਵਜ਼ਾ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਜੌਨਸਨ ਐਂਡ ਜੌਨਸਨ ਦੇ ਪਾਊਡਰ ਅਤੇ ਸਬੰਧਿਤ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਕੈਂਸਰ ਹੋਇਆ। ਕੰਪਨੀ ਨੇ ਕਿਹਾ ਕਿ ਇਸ ਨੂੰ ਮਿਸੌਰੀ ਦੀ ਹੇਠਲੀ ਅਦਾਲਤ ਵਿੱਚ ਮੁਕੱਦਮੇ ਦੌਰਾਨ ਆਪਣੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ।
ਗੌਰਤਲਬ ਹੈ ਕਿ ਹੇਠਲੀ ਅਦਾਲਤ ਨੇ ਪਹਿਲਾਂ 400 ਕਰੋੜ ਡਾਲਰ ਹਰਜਾਨਾ ਤੈਅ ਕੀਤੇ ਸੀ। ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਇਸ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ। ਜੌਨਸਨ ਐਂਡ ਜੌਨਸਨ ਦੇ ਪਾਊਡਰ ਵਿਚ ਪਾਇਆ ਗਿਆ ਕਿਜੋ ਇਸ ਦੀ ਵਰਤੋਂ ਕਰਦੇ ਹਨ ਇਹ ਉਨ੍ਹਾਂ ਔਰਤਾਂ ਅਤੇ ਬੱਚਿਆਂ ਲਈ ਘਾਤਕ ਹੈ। ਮੁਕੱਦਮੇ ਮੁਤਾਬਕ ਔਰਤਾਂ ਦੀ ਮੌਤ ਕੈਂਸਰ ਨਾਲ ਹੋਈ ਸੀ। ਇਸ ਵੇਲੇ 22 ਔਰਤਾਂ ਨੇ ਮੁਕੱਦਮਾ ਕੀਤਾ ਸੀ।
ਇਸ ਕੇਸ ਵਿੱਚ ਪੀੜਤਾਂ ਦੇ ਵਕੀਲ ਮਾਰਕ ਲੇਨੀਅਰ ਨੇ ਸੁਪਰੀਮ ਕੋਰਟ ਦੇ ਰੁਖ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਇਹ ਸੰਦੇਸ਼ ਦਿੰਦਾ ਹੈ ਕਿ ਭਾਵੇਂ ਤੁਸੀਂ ਕਿੰਨੇ ਅਮੀਰ ਜਾਂ ਸ਼ਕਤੀਸ਼ਾਲੀ ਹੋ, ਜੇ ਤੁਸੀਂ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਕਾਨੂੰਨ ਦੇ ਸਾਮਹਣੇ ਬਰਾਬਰ ਸਮਝਣ ਵਾਲੀ ਦੇਸ਼ ਦੀ ਪ੍ਰਣਾਲੀ ਤੁਹਾਨੂੰ ਜ਼ਰੂਰ ਦੋਸ਼ ਦੇਵੇਗੀ।