ਆਪ ਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਸਮੇਤ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ ਹੈ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ ਸਣੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵੱਡਾ ਬਿਆਨ ਦਿੱਤਾ ਹੈ।
ਖਹਿਰਾ ਮੁਤਾਬਕ ਜਿਹੜਾ ਅਸੀਂ ਅੱਜ ਕਦਮ ਚੁੱਕਿਆ ਹੈ, ਬੇਹੱਦ ਹੀ ਸੋਚ-ਸਮਝ ਕੇ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਉਹ ਆਗੂ ਹਨ, ਜਿਨ੍ਹਾਂ ਨੇ ਪੰਜਾਬ ਲਈ ਹਮੇਸ਼ਾ ਡਟਵਾ ਸਟੈਂਡ ਲਿਆ ਹੈ। ਇਸ ਦੇ ਨਾਲ ਹੀ ਖਹਿਰਾ ‘ਆਪ’ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਅਕਾਲੀਆਂ ’ਤੇ ਖੂਬ ਰਹੇ।
ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਦੂਜਾ ਕਾਰਨ ਉਨ੍ਹਾਂ ਨੇ ਇਹ ਦੱਸਿਆ ਕਿ ਇਥੇ ਫਰਜ਼ੀ ਇਨਕਲਾਬੀ ਬੇਹੱਦ ਹਨ। ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਨਿਸ਼ਾਨੇ ਵਿੰਨ੍ਹਦੇ ਉਨ੍ਹਾਂ ਕਿਹਾ ਕਿ ਸਾਲ 2015 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਮੇਰੀ ਬਹੁਤ ਵੱਡੀ ਗਲਤੀ ਸੀ। ਅਸੀਂ ਇਮਾਨਦਾਰੀ ਦੇ ਨਾਲ ਉਹ ਪਾਰਟੀ ਜੁਆਇਨ ਕੀਤੀ ਸੀ ਪਰ ਉਥੇ ਜਾ ਕੇ ਪਤਾ ਲੱਗਾ ਕਿ ਇਥੇ ਦੋਗਲੇ ਚਿਹਰੇ ਕਾਫ਼ੀ ਹਨ। ਮਨੋਰਿਟੀਜ਼ ਦੇ ਖ਼ਿਲਾਫ਼ ਦਿੱਲੀ ਸ਼ਹਿਰ ’ਚ ਬੇਹੱਦ ਦੰਗੇ ਕੀਤੇ ਗਏ ਪਰ ਅਰਵਿੰਦ ਕੇਜਰੀਵਾਲ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ।