ਕ੍ਰਾਈਸਚਰਚ ਦੇ ਵੱਖ-ਵੱਖ ਰੈਸਟੋਰੇਂਟਾਂ ਦੇ ਮਾਲਕ ਰਹੇ ਅਮਰਦੀਪ ਸਿੰਘ ਨੂੰ The Employment Court ਵੱਲੋਂ 271,827 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਅਦਾਲਤ ਵੱਲੋਂ ਅਮਰਦੀਪ ਸਿੰਘ ਨੂੰ ਦੋ ਸਾਲ ਤੱਕ ਕੋਈ ਵੀ ਕਾਰੋਬਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਅਮਰਦੀਪ ਸਿੰਘ ਵੱਲੋਂ ਸਾਲ 2007 ਤੋਂ ਲੈ ਕੇ ਸਾਲ 2018 ਤੱਕ ਆਪਣੇ ਕਈ ਕਰਮਚਾਰੀਆਂ ਦਾ ਸ਼ੋਸਣ ਕੀਤਾ ਗਿਆ। ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਸਾਲ 2019 ਦੇ ਵਿੱਚ ਅਮਰਦੀਪ ਸਿੰਘ ਨਿਊਜੀਲੈਂਡ ਛੱਡ ਕੇ ਭਾਰਤ ਭੱਜ ਗਿਆ। ਅਦਾਲਤ ਵੱਲੋਂ ਉਸ ਉਪਰ ਕਈ ਤਰ੍ਹਾਂ ਦੀਆਂ ਹੇਰਾਫੇਰੀ ਕਰਨ ਦੇ ਦੋਸ਼ ਵੀ ਸਾਬਿਤ ਕੀਤੇ ਗਏ ਹਨ। ਦੱਸ ਦੇਈਏ ਕਿ ਅਮਰਦੀਪ ਆਪਣੇ ਕਰਮਚਾਰੀਆਂ ਕੋਲੋਂ 70-80 ਘੰਟੇ ਕੰਮ ਕਰਵਾ ਕੇ ਸਿਰਫ30-35 ਘੰਟਿਆਂ ਦੇ ਪੈਸੇ ਹੀ ਕਰਮਚਾਰੀਆਂ ਨੂੰ ਦਿੰਦਾ ਸੀ। ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਮੁਤਾਬਿਕ ਅਮਰਦੀਪ ਸਿੰਘ ਦੀਆਂ ਕੰਪਨੀਆਂ ਜੀਤ ਹੋਲਡਿੰਗਸ, ਜੀਤ ਹੋਲਡਿੰਗਸ -2 ਅਤੇ ਜੀਤ ਹੋਲਡਿੰਗਸ -6 ਨੂੰ ਜੁਰਮਾਨੇ ਤਹਿਤ 271,827 ਡਾਲਰ ਅਦਾ ਕਰਨ ਦੇ ਹੁਕਮ ਸੁਣਾਏ ਗਏ ਹਨ।
