ਟੋਕੀਓ, ਏਜੰਸੀਆਂ : ਕੋਰੋਨਾ ਮਹਾਂਮਾਰੀ ਦਾ ਖੇਡ ਘੱਟ ਤਾਂ ਹੋ ਗਿਆ ਹੈ ਪਰ ਖ਼ਤਮ ਨਹੀਂ ਹੋਇਆ ਹੈ। ਜਿਸ ਕਰਕੇ ਪੂਰੀ ਦੁਨੀਆ ਇਸਦੀ ਖੇਡ ’ਚ ਫਸੀ ਹੋਈ ਹੈ ਅਤੇ ਇਸਨੂੰ ਜਿੱਤਣ ’ਚ ਲੱਗੀ ਹੋਈ ਹੈ। ਉਥੇ ਹੀ ਟੋਕੀਓ ਓਲੰਪਿਕ ਦੇ ਆਗਾਜ਼ ’ਚ ਹਾਲੇ ਇਕ ਮਹੀਨੇ ਦਾ ਸਮਾਂ ਬਚਿਆ ਹੋਇਆ ਹੈ। ਓਲੰਪਿਕ ਗੇਮਜ਼ ਦੀ ਸ਼ੁਰੂਆਤ 23 ਜੁਲਾਈ ਤੋਂ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਓਲੰਪਿਕ ਗੇਮਜ਼ ਪਿਛਲੇ ਸਾਲ ਭਾਵ 2020 ’ਚ ਹੋਣੀਆਂ ਸਨ, ਪਰ ਕੋਵਿਡ-19 ਕਾਰਨ ਇਸਨੂੰ ਟਾਲ ਦਿੱਤਾ ਗਿਆ। ਟੋਕੀਓ ਓਲੰਪਿਕ 2020 ਦੇ President Seiko Hashimoto ਨੇ ਦੱਸਿਆ ਕਿ ਸਟੇਡੀਅਮ ’ਚ 10,000 ਲੋਕ ਖੇਡਾਂ ਦੇਖਣ ਜਾ ਸਕਦੇ ਹਨ। ਇਸ ਵਾਰ ਦੇ ਓਲੰਪਿਕ ਗੇਮਜ਼ ’ਚ ਵਿਦੇਸ਼ਾਂ ਤੋਂ ਆਉਣ ਵਾਲੇ ਦਰਸ਼ਕਾਂ ’ਤੇ ਪਹਿਲਾਂ ਤੋਂ ਹੀ ਰੋਕ ਲਗਾ ਦਿੱਤੀ ਗਈ ਹੈ। 23 ਜੁਲਾਈ ਦੇ ਉਦਘਾਟਨ ਸਮਾਗਮ ’ਚ 20,000 ਦਰਸ਼ਕਾਂ ਦੀ ਮਨਜ਼ੂਰੀ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ, ਅੰਤਰਰਾਸ਼ਟਰੀ ਪੈਰਾ-ਓਲੰਪਿਕ ਕਮੇਟੀ, ਟੋਕੀਓ 2020 ਪ੍ਰਬੰਧਕਾਂ, ਜਾਪਾਨ ਸਰਕਾਰ ਅਤੇ ਮੇਜ਼ਬਾਨ ਸ਼ਹਿਰ ਟੋਕੀਓ ਵਿਚਕਾਰ ਸੋਮਵਾਰ ਨੂੰ ਹੋਣ ਵਾਲੀ ਬੈਠਕ ’ਚ ਘਰੇਲੂ ਦਰਸ਼ਕਾਂ ’ਤੇ ਆਖ਼ਰੀ ਫ਼ੈਸਲਾ ਹੋਣ ਦੀ ਉਮੀਦ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ Yoshihide Suga ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਜੇਕਰ ਐਮਰਜੈਂਸੀ ਜਿਹੀ ਸਥਿਤੀ ਹੋਵੇਗੀ ਤਾਂ ਬਿਨਾਂ ਦਰਸ਼ਕਾਂ ਦੇ ਵੀ ਓਲੰਪਿਕ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।