ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਡਾ. ਐਸ.ਪੀ. ਸਿੰਘ ਓਬਰਾਏ ਇਨ੍ਹੀਂ ਦਿਨੀਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੇ ਹੋਏ ਹਨ। ਦਰਅਸਲ ਡਾ. ਐਸ.ਪੀ. ਸਿੰਘ ਓਬਰਾਏ ਪੰਜਾਬ ਤੋਂ ਦੁਬਈ ਜਾਣ ਵਾਲੇ 238 ਸੀਟਾਂ ਵਾਲੇ ਜਹਾਜ਼ ਵਿਚ ਇਕੱਲੇ ਸਫ਼ਰ ਕਰਨ ਵਾਲੇ ਮੁਸਾਫ਼ਰ ਬਣ ਗਏ ਹਨ। ਡਾ. ਓਬਰਾਏ ਨੇ ਏਅਰ ਇੰਡੀਆ ਦੇ ਏ.ਆਈ-929 ਜਹਾਜ਼ ਦੀ 14800 ਰੁਪਏ (740 ਦਿਰਹਮ) ਦੀ ਟਿਕਟ ਲਈ ਸੀ ਅਤੇ ਇਸੇ ਟਿਕਟ ’ਤੇ ਉਨ੍ਹਾਂ ਨੇ ਦੁਬਈ ਤੱਕ ਖਾਲ੍ਹੀ ਜਹਾਜ਼ ਵਿਚ ਪਾਇਲਟ ਨਾਲ ਇਕੱਲੇ ਮੁਸਾਫ਼ਰ ਵਜੋਂ ਸਫ਼ਰ ਕੀਤਾ।
ਕੁੱਝ ਦਿਨ ਪਹਿਲਾਂ ਹੀ ਡਾ. ਓਬਰਾਏ ਗੁਰਦਾਸਪੁਰ ਵਿਚ ਇਥੇ ਪੈਥਾਲੋਜੀ ਪ੍ਰਯੋਗਸ਼ਾਲਾ ਸਥਾਪਤ ਕਰਨ ਸਬੰਧੀ ਜਗ੍ਹਾ ਦੇਖਣ ਲਈ ਦੁਬਈ ਤੋਂ ਆਏ ਸਨ ਅਤੇ ਬੀਤੇ ਦਿਨ ਉਨ੍ਹਾਂ ਨੇ ਸਵੇਰੇ 4 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਟਿਕਟ ਲਈ ਸੀ, ਜਿਸ ਕਾਰਨ ਉਹ ਮੰਗਲਵਾਰ ਦੀ ਰਾਤ ਨੂੰ ਇੱਥੋਂ ਰਵਾਨਾ ਹੋਏ ਅਤੇ ਸਵੇਰੇ ਤੜਕਸਾਰ ਉਨ੍ਹਾਂ ਨੇ ਇਹ ਫਲਾਈਟ ਲੈ ਕੇ ਦੁਬਈ ਪਹੁੰਚਣਾ ਸੀ ਪਰ ਡਾ. ਓਬਰਾਏ ਜਦੋਂ ਏਅਰਪੋਰਟ ਪੁੱਜੇ ਤਾਂ ਏਅਰ ਇੰਡੀਆ ਦੇ ਸਟਾਫ਼ ਨੇ ਉਨ੍ਹਾਂ ਨੂੰ ਫਲਾਈਟ ਵਿਚ ਲਿਜਾਣ ਤੋਂ ਇਨਕਾਰ ਕਰ ਦਿੱਤਾ।
ਡਾ. ਓਬਰਾਏ ਨੇ ਪਹਿਲਾਂ ਸਮਝਿਆ ਕਿ ਸ਼ਾਇਦ ਕੋਵਿਡ-19 ਦੇ ਡਰ ਕਾਰਨ ਉਨ੍ਹਾਂ ਨੂੰ ਜਹਾਜ਼ ਵਿਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ’ਤੇ ਉਨ੍ਹਾਂ ਨੇ ਆਪਣਾ ਤਾਜ਼ਾ ਕੋਵਿਡ-ਨੈਗੇਟਿਵ ਸਰਟੀਫਿਕੇਟ ਦਿਖਾਇਆ ਪਰ ਫਿਰ ਵੀ ਉਨ੍ਹਾਂ ਨੂੰ ਜਹਾਜ਼ ਵਿਚ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸਣਯੋਗ ਹੈ ਕਿ ਦੁਬਈ ਵਿਚ ਕੋਵਿਡ ਦੇ ਖ਼ਤਰੇ ਨੂੰ ਰੋਕਣ ਲਈ ਉਥੇ ਦੀ ਸਰਕਾਰ ਨੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਐਂਟਰੀ ’ਤੇ ਰੋਕ ਲਗਾਈ ਹੋਈ ਹੈ ਪਰ ਗੋਲਡਨ ਵੀਜ਼ੇ ਸਮੇਤ ਕੁੱਝ ਹੋਰ ਚੋਣਵੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਇਹ ਰੋਕ ਨਹੀਂ ਹੈ। ਅਜਿਹੀ ਸਥਿਤੀ ਵਿਚ ਜਦੋਂ ਡਾ. ਓਬਰਾਏ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਰਾਤ 2 ਵਜੇ ਦੇ ਕਰੀਬ ਹੀ ਦਿੱਲੀ ਵਿਖੇ ਸਬੰਧਤ ਮੰਤਰੀ ਨਾਲ ਸੰਪਰਕ ਕੀਤਾ, ਜਿਸ ਦੇ ਬਾਅਦ ਤੁਰੰਤ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ।