
ਨਿਊਜ਼ੀਲੈਂਡ: ਰੇਲ ਬ੍ਰਿਜ ਤੇ ਰੇਲਵੇ ਲਾਈਨ ਕਰਾਸਿੰਗ ਪਾਰ ਕਰਨ ਦੌਰਾਨ ਵਰਤੀ ਜਾ ਰਹੀ ਟਰੱਕ ਡਰਾਈਵਰਾਂ ਵੱਲੋਂ ਅਣਗਹਿਲੀ ਕਰਕੇ ਕੀਵੀ ਰੇਲ ਨੂੰ ਜਿੱਥੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਇਨ੍ਹਾਂ ਰੇਲਾਂ ਵਿੱਚ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀ ਨੂੰ ਵੀ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀਵੀ ਰੇਲ ਦੇ ਬੁਲਾਰੇ ਰਿਉਬਨ ਅਰਾਰੋਆ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਕਿਹਾ ਕਿ ਬੀਤੇ ਕੁਝ ਦਿਨਾਂ ਵਿਚ ਰੇਲ ਬ੍ਰਿਜ ਦੀ ਉਚਾਈ ਦਾ ਗ਼ਲਤ ਅੰਦਾਜ਼ਾ ਲਾਉਣ ਕਰਕੇ ਵੱਖ ਵੱਖ ਥਾਵਾਂ ਤੇ 2 ਹਾਦਸੇ ਵਾਪਰੇ ਇਕ ਹੋਰ ਹਾਦਸਾ ਰੇਲਵੇ ਕਰਾਸਿੰਗ ਨੂੰ ਪਾਰ ਕਰਦਿਆਂ ਵਾਪਰਿਆ ਜਦੋਂ ਇੱਕ ਟਰੱਕ ਗੱਡੀ ਨਾਲ ਜਾ ਟਕਰਾਇਆ ।

ਰਿਉਬਨ ਅਨੁਸਾਰ ਇਨ੍ਹਾਂ ਹਾਦਸਿਆਂ ਕਰਕੇ ਹਜ਼ਾਰਾਂ ਯਾਤਰੀਆਂ ਨੂੰ ਘੰਟਿਆਂਬੱਧੀ ਖੱਜਲ ਖੁਆਰੀ ਝੱਲਣੀ ਪਈ ਕਈਆਂ ਨੂੰ ਦੇਰੀ ਨਾਲ ਕੰਮ ਤੇ ਪੁੱਜਣਾ ਪਿਆ ਟਰਾਂਸਪੋਰਟੇਸ਼ਨ ਵਾਲਾ ਸਾਮਾਨ ਵੀ ਸਮੇਂ ਸਿਰ ਨਾ ਪੁੱਜ ਸਕਿਆ ਉਨ੍ਹਾਂ ਨੇ ਕਿਹਾ ਕਿ ਹਾਦਸੇ ਇੱਕ ਚਿੰਤਾਜਨਕ ਸਥਿਤੀ ਵਾਂਗ ਬਣ ਗਏ ਹਨ। ਅਜਿਹੇ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਦਸਿਆਂ ਨੂੰ ਥੋੜ੍ਹੀ ਸਾਵਧਾਨੀ ਵਰਤ ਕੇ ਟਾਲਿਆ ਵੀ ਜਾ ਸਕਦਾ ਹੈ ਟਰੱਕ ਡਰਾਈਵਰਾਂ ਲਈ ਉਨ੍ਹਾਂ ਦਾ ਸੰਦੇਸ਼ ਹੈ ਕਿ ਬ੍ਰਿਜ ਦੀ ਉਚਾਈ ਦਾ ਜੇਕਰ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਤਾਂ ਦੂਜਾ ਰੂਟ ਵਰਤਣਾ ਹੀ ਸਿਆਣਪ ਦਾ ਰਸਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਕਈ ਵੱਡੇ ਹਾਦਸੇ ਵਾਪਰਨ ਤੋਂ ਟਾਲ ਸਕਦੇ ਹਾਂ।