
ਪੋਲੈਂਡ–ਇਸ ਦੁਨੀਆਂ ਵਿੱਚ ਬਹੁਤ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੀਨ – ਦੁਖੀਆਂ ਦੀ ਸਹਾਇਤਾ ਕਰਨ ਲਈ ਆਪਣਾ ਆਪ ਵੀ ਨਿਛਾਵਰ ਕਰ ਦਿੰਦੇ ਹਨ। ਅਜਿਹੇ ਲੋਕ ਹੀ ਹੋਰਾਂ ਲਈ ਵੀ ਬਿਨਾਂ ਕਿਸੇ ਸਵਾਰਥ ਦੇ ਮਨੁੱਖਤਾ ਦੀ ਭਲਾਈ ਦੇ ਕੰਮ ਕਰਨ ਲਈ ਮਿਸ਼ਾਲ ਬਣਦੇ ਹਨ। ਅਜਿਹੀ ਹੀ ਮਨੁੱਖਤਾ ਦੀ ਇੱਕ ਵੱਡੀ ਮਿਸ਼ਾਲ ਪੋਲੈਂਡ ਦੀ ਇੱਕ ਮਹਿਲਾ ਐਥਲੀਟ ਨੇ ਦਿੱਤੀ ਹੈ। ਟੋਕੀਓ 2020 ਉਲੰਪਿਕ ਵਿੱਚ ਪੋਲੈਂਡ ਦੀ ਸਿਲਵਰ ਮੈਡਲਿਸਟ ਐਥਲੀਟ ਮਾਰੀਆ ਆਂਦਰੇਜਿਕ ਨੇ ਆਪਣੇ ਮੈਡਲ ਦੀ ਨਿਲਾਮੀ ਕਰਕੇ ਇੱਕ 8 ਮਹੀਨਿਆਂ ਦੇ ਬੱਚੇ ਨੂੰ ਸਟੈਨਫੋਰਡ ਯੂਨੀਵਰਸਿਟੀ ਵਿੱਚ ਉਸਦੇ ਦਿਲ ਦੀ ਸਰਜਰੀ ਕਰਨ ਲਈ ਸਹਾਇਤਾ ਕੀਤੀ ਹੈ। ਇਸ ਐਥਲੀਟ ਦੇ ਮੈਡਲ ਨੂੰ ਜ਼ਬਕਾ ਜੋ ਕਿ ਇੱਕ ਪੋਲਿਸ਼ ਸਟੋਰ ਚੇਨ ਹੈ, ਨੇ 125 ਹਜ਼ਾਰ ਡਾਲਰ ਦੀ ਬੋਲੀ ਨਾਲ ਨਿਲਾਮੀ ਵਿੱਚ ਜਿੱਤਿਆ ਅਤੇ ਫਿਰ ਇਸ ਭਲਾਈ ਦੇ ਕੰਮ ਲਈ ਹੋਈ ਇਸ ਨਿਲਾਮੀ ਕਰਕੇ , ਇਸ ਮੈਡਲ ਨੂੰ ਮਾਰੀਆ ਨੂੰ ਵਾਪਸ ਕਰ ਦਿੱਤਾ। ਇਸ ਮਹਿਲਾ ਐਥਲੀਟ ਅਤੇ ਸਟੋਰ ਚੇਨ ਵੱਲੋਂ ਆਪਣੇ ਕੀਤੇ ਕਾਰਜਾਂ ਨਾਲ ਇਹ ਸਾਬਿਤ ਕੀਤਾ ਗਿਆ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਮਨੁੱਖਤਾ ਸਰਬੋਤਮ ਹੈ।