ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵਿਜੇ ਰੁਪਾਣੀ ਨੇ ਅਸਤੀਫ਼ੇ ਤੋਂ ਬਾਅਦ ਕੀ ਕਿਹਾ
ਵਿਜੇ ਰੁਪਾਣੀ ਨੇ ਕਿਹਾ,”ਮੈਂ ਭਾਰਤੀ ਜਨਤਾ ਪਾਰਟੀ ਦਾ ਧੰਨਵਾਦੀ ਹਾਂ ਕਿ ਮੈਰੇ ਵਰਗੇ ਵਰਕਰ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਅਹਿਮ ਜਿੰਮੇਵਾਰੀ ਦਿੱਤੀ।”
“ਇਸ ਅਰਸੇ ਦੌਰਾਨ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਮਾਰਗ-ਦਰਸ਼ਨ ਮਿਲਦਾ ਰਿਹਾ ਹੈ।”
ਉਨ੍ਹਾਂ ਨੇ ਕਿਹਾ,”ਮੇਰਾ ਮੰਨਣਾ ਹੈ ਕਿ ਗੁਜਰਾਤ ਦੇ ਵਿਕਾਸ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਨਵੀਂ ਅਗਵਾਈ ਵਿੱਚ ਅੱਗੇ ਵਧਣੀ ਚਾਹੀਦੀ ਹੈ।”
“ਇਹ ਧਿਆਨ ਰੱਖ ਕੇ ਮੈਂ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।”
ਵਿਜੇ ਰੁਪਾਣੀ ਨੇ ਅੱਗੇ ਕਿਹਾ,”ਸੰਗਠਨ ਅਤੇ ਵਿਚਾਰਧਾ ਅਧਾਰਿਤ ਪਾਰਟੀ ਹੋਣ ਕਰਕੇ ਬੀਜੇਪੀ ਦੀ ਇਹ ਰਵਾਇਤ ਹੈ ਕਿ ਸਮੇਂ-ਸਮੇਂ ਉੱਪਰ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਵੀ ਬਦਲਦੀਆਂ ਰਹਿੰਦੀਆਂ ਹਨ।”
“ਇਹ ਸਾਡੀ ਪਾਰਟੀ ਦੀ ਖ਼ਾਸੀਅਤ ਹੈ ਜੋ ਜ਼ਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਜਾਂਦੀ ਹੈ, ਪਾਰਟੀ ਵਰਕਰ ਪੂਰੀ ਯੋਗਤਾ ਨਾਲ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ।”
“ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੈਂ ਹੁਣ ਪਾਰਟੀ ਦੇ ਸੰਗਠਨ ਵਿੱਚ ਨਵੀਂ ਊਰਜਾ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ।”
ਪੀਐੱਮ ਮੋਦੀ ਦੀ ਅਗਵਾਈ ਵਿੱਚ ਲੜੇਗੀ ਭਾਜਪਾ ਅਗਲੀਆਂ ਗੁਜਰਾਤ ਚੋਣਾਂ
ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ,”ਅਸੀਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚੋਣਾਂ ਲੜਦੇ ਹਾਂ। ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੀਜੇਪੀ ਹਰ ਸੂਬੇ ਵਿੱਚ ਚੋਣਾਂ ਲੜਦੀ ਹੈ। ਇਸ ਵਾਰ ਵੀ ਸਾਡੇ ਕੋਲ ਮਜ਼ਬੂਤ ਲੀਡਰਸ਼ਿਪ ਹੈ। ਉਨ੍ਹਾਂ ਦੀ ਅਗਵਾਈ ਵਿੱਚ ਅਸੀਂ ਚੋਣਾਂ ਲੜਾਂਗੇ।”
ਉਨ੍ਹਾਂ ਨੇ ਆਪਣੇ ਕਾਰਜਕਾਲ ਦੀਆਂ ਉਪਲਭਦੀਆਂ ਵੀ ਗਿਣਾਵਾਈਆਂ।
ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇ ਸਭ ਕੁਝ ਸਹੀ ਸੀ ਤਾਂ ਅਸਤੀਫ਼ਾ ਕਿਉਂ ਦਿੱਤਾ?
“ਸਾਡੀ ਪਾਰਟੀ ਵਿੱਚ ਇਹ ਸੁਭਾਵਿਕ ਪ੍ਰਕਿਰਿਆ ਹੈ। ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਅਸੀਂ ਇਸ ਨੂੰ ਅਹੁਦਾ ਨਹੀਂ ਜ਼ਿੰਮੇਵਾਰੀ ਕਹਿੰਦੇ ਹਾਂ। ਮੈਨੂੰ ਪੰਜ ਸਾਲ ਸੀਐਮ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ। ਹੁਣ ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ, ਉਹ ਮੈਂ ਕਰਾਂਗਾ।”
ਗੁਜਰਾਤ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਪਿਛਲੇ ਪੰਜ ਸਾਲਾਂ ਵਿੱਚ ਜ਼ਿਮਨੀ ਚੋਣਾਂ ਅਤੇ ਸਥਾਨਕ ਚੋਣਾਂ ਵਿੱਚ ਵੀ ਪਾਰਟੀ ਨੂੰ ਜਨਤਾ ਦਾ ਸਹਿਯੋਗ ਅਤੇ ਵਿਸ਼ਵਾਸ ਮਿਲਿਆ ਹੈ। ਜਨਤਾ ਦਾ ਵਿਸ਼ਵਾਸ ਬੀਜੇਪੀ ਦੀ ਤਾਕਤ ਬਣਿਆ ਹੈ ਅਤੇ ਮੈਨੂੰ ਵੀ ਲਗਾਤਾਰ ਕੰਮ ਕਰਦੇ ਰਹਿਣ ਦੀ ਤਾਕਤ ਮਿਲੀ ਹੈ।”
ਗੁਜਰਾਤ, ਰੁਪਾਣੀ ਤੇ ਮੋਦੀ ਸ਼ਾਹ ਦੀ ਜੋੜੀ
ਰੁਪਾਣੀ ਨੂੰ ਮੋਦੀ ਵੱਲੋਂ ਆਪਣੀ ਉਤਾਧਿਕਾਰੀ ਆਨੰਦੀਬੇਨ ਪਟੇਲ ਦੀ ਥਾਂ ਲਗਾਉਣ ਲਈ ਖ਼ੁਦ ਚੁਣਿਆ ਗਿਆ ਸੀ।
ਰੁਪਾਣੀ ਇੱਕ ਜੈਨ-ਬਾਣੀਆ ਚਿਹਰੇ ਸਨ ਕਿਉਂਕਿ ਪਾਰਟੀ ਨੂੰ ਇੱਕ ਗੈਰ-ਪਟੇਲ ਉਮੀਦਵਾਰ ਦੀ ਲੋੜ ਸੀ ਜੋ ਸਭ ਨੂੰ ਖ਼ੁਸ਼ ਰੱਖ ਸਕੇ।
ਰੁਪਣੀ ਦਾ ਕਾਰਜਕਾਲ ਹਮੇਸ਼ਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਭਾਵ ਵਿੱਚ ਰਿਹਾ।
ਗੁਜਰਾਤ ਦੇ ਭਾਜਪਾ ਆਗੂਆਂ ਅਤੇ ਨੌਕਰਸ਼ਾਹ ਹਮੇਸ਼ਾ ਜਾਣਦੇ ਸਨ ਕਿ ਸੂਬੇ ਲਈ ਫ਼ੈਸਲੇ ਕੌਣ ਕਰਦਾ ਹੈ।
ਇੱਥੋਂ ਤੱਕ ਕਿ ਰੁਪਣੀ ਦੇ ਨਿੱਜੀ ਸਹਾਇਕ ਅਮਿਤ ਸ਼ਾਹ ਦੇ ਦਿੱਲੀ ਜਾਣ ਤੋਂ ਪਹਿਲਾਂ ਸ਼ਾਹ ਦੇ ਪੀਏ ਰਹਿ ਚੁੱਕੇ ਸਨ।
ਇਹ ਇੱਕ ਵਿਲੱਖਣ ਗੱਲ ਸੀ ਕਿਉਂਕਿ ਸਿਆਸਤਦਾਨਾਂ ਵਿੱਚ ਸਾਂਝਾ ਨਿੱਜੀ ਸਹਾਇਕ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਗੁਜਰਾਤ ਵਿੱਚ ਚੋਣਾਂ ਤੋਂ ਇੱਕ ਸਾਲ ਪਹਿਲਾਂ ਰੁਪਾਣੀ ਨੂੰ ਬਦਲੇ ਜਾਣ ਦੀ ਚਰਚਾ ਕੁਝ ਸਮੇਂ ਤੋਂ ਗਰਮ ਸੀ।
ਇਸ ਦੀ ਇੱਕ ਵੱਡੀ ਵਜ੍ਹਾ ਇਹ ਸੀ ਕਿ ਰੁਪਾਣੀ ਕਦੇ ਵੀ ਜਨਤਾ ਦੇ ਆਗੂ ਨਹੀਂ ਰਹੇ।
ਪਿਛਲੀ ਵਾਰ ਜਦੋਂ 2017 ਵਿੱਚ ਭਾਜਪਾ ਨੇ ਰੁਪਾਣੀ ਦੀ ਅਗਵਾਈ ਵਿੱਚੋ ਚੋਣਾਂ ਲੜੀਆਂ ਤਾਂ ਉਸ ਦੇ ਮੈਂਬਰਾਂ ਦੀ ਗਿਣਤੀ 182 ਮੈਂਬਰੀ ਵਿਧਾਨ ਸਭਾ ਵਿੱਚ 2012 ਦੀਆਂ ਚੋਣਾਂ ਦੇ ਮੁਕਾਬਲੇ 112 ਤੋਂ ਘਟ ਕੇ 99 ਰਹਿ ਗਈ।
2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ-ਨਜ਼ਰ ਗੁਜਰਾਤ ਮੋਦੀ-ਸ਼ਾਹ ਦੀ ਜੋੜੀ ਲਈ ਇੱਕ ਅਹਿਮ ਸੂਬਾ ਹੈ।
ਆਪਣੇ ਘਰੇਲੂ ਮੈਦਾਨ ਵਿੱਚ ਹੋਣ ਵਾਲਾ ਨੁਕਸਾਨ ਮੋਦੀ-ਸ਼ਾਹ ਦੀ ਜੋੜੀ ਨੂੰ ਮਹਿੰਗਾ ਪੈ ਸਕਦਾ ਹੈ।