ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਧੜਿਆਂ ਵਿਚਾਲੇ ਖ਼ੂਨੀ ਟਕਰਾਅ ਹੋ ਗਿਆ, ਜਿਸ ‘ਚ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ 40 ਦੇ ਲਗਭਗ ਵਿਅਕਤੀਆਂ ਦੇ ਦੋ ਗਰੁੱਪ ਆਪਸ ‘ਚ ਭਿੜ ਗਏ। ਇਸ ਘਟਨਾ ਨੂੰ ਆਪਣੇ ਅੱਖੀਂ ਦੇਖਣ ਵਾਲੇ ਪੰਜਾਬੀ ਪਰਿਵਾਰ ਨੇ ਦੱਸਿਆ ਕਿ ਉਨਾਂ ਦੇ ਹੱਥਾਂ ‘ਚ ਬੈਟ, ਬੇਸਬਾਲ ਤੇ ਤੇਜ਼ਧਾਰ ਹਥਿਆਰ ਸਨ ਤੇ ਉਹ ਇੱਕ-ਦੂਜੇ ਨੂੰ ਬੇਰਹਿਮੀ ਨਾਲ ਮਾਰ ਰਹੇ ਸਨ। ਇਸ ਘਟਨਾ ‘ਚ ਇੱਕ 36 ਸਾਲ ਦੇ ਨੌਜਵਾਨ ਦਾ ਗੁੱਟ ਵੱਢਿਆ ਗਿਆ, ਇੱਕ ਦੀਆਂ ਬਾਹਾਂ ਟੁੱਟ ਗਈਆਂ ਤੇ ਇੱਕ ਦੇ ਸਿਰ ਸਣੇ ਹੋਰ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵਾਰਦਾਤ ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਬੀਤੀ 13 ਸਤੰਬਰ ਦੀ ਰਾਤ ਨੂੰ ਵਾਪਰੀ। ਇਸ ਸਬੰਧੀ ਕੁਈਨਸਲੈਂਡ ਪੁਲਿਸ ਨੇ ਦੱਸਿਆ ਕਿ 40 ਦੇ ਲਗਭਗ ਭਾਰਤੀ ਭਾਈਚਾਰੇ ਦੇ 2 ਗਰੁੱਪਾਂ ‘ਚ ਲੜਾਈ ਹੋਈ। ਇਹ ਦੋਵੇਂ ਗਰੁੱਪਾਂ ਦੇ ਨੌਜਵਾਨ ਇਕ-ਦੂਜੇ ਨੂੰ ਜਾਣਦੇ ਸਨ। ਇਸ ਟਕਰਾਅ ‘ਚ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਹਥਿਆਰ ਵਜੋਂ ਵਰਤਿਆ ਗਿਆ, ਜਿਨਾਂ ‘ਚ ਡਾਂਗ-ਸੋਟਾ, ਰਵਾਇਤੀ ਤੇਜ਼ ਹਥਿਆਰ ਵੀ ਵਰਤੇ ਗਏ। ਟਕਰਾਅ ‘ਚ 8 ਲੋਕਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ।
ਪੁਲਿਸ ਵਲੋਂ ਜ਼ਖ਼ਮੀਆਂ ਜਾਂ ਮੌਕੇ ਤੋਂ ਹਿਰਾਸਤ ‘ਚ ਲਏ ਗਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਸਭ ਨੂੰ ਛੱਡ ਦਿੱਤਾ ਗਿਆ ਹੈ ਪਰ ਅਧਿਕਾਰੀ ਜਾਂਚ ‘ਚ ਲੱਗੇ ਹੋਏ ਹਨ। ਪੁਲਿਸ ਅਨੁਸਾਰ 2 ਵਿਅਕਤੀਆਂ ਦੀ ਪਹਿਲਾਂ ਵੀ ਪੁਲਿਸ ਨੂੰ ਰਿਪੋਰਟ ਕੀਤੀ ਗਈ ਸੀ। ਖ਼ਬਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਇੱਕ ਧਾਰਮਿਕ ਸਥਾਨ ਦੀ ਹੀ ਕਮੇਟੀ ਨੂੰ ਲੈ ਕੇ ਮਾਹੌਲ ਕਾਫ਼ੀ ਤਣਾਅਪੂਰਨ ਹੈ, ਇਸ ਘਟਨਾ ਨੂੰ ਉਸ ਨਾਲ ਅਤੇ ਘਟਨਾ ‘ਚ ਸ਼ਾਮਲ ਲੋਕਾਂ ਦੀ ਆਪਸੀ ਪੁਰਾਣੀ ਰੰਜਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਬ੍ਰਿਸਬੇਨ ਸਿੱਖ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਕਮੇਟੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਮੇਟੀ ਕੁਈਨਜ਼ਲੈਂਡ ਪੁਲਿਸ ਨੂੰ ਜਾਂਚ ‘ਚ ਪੂਰਾ ਸਹਿਯੋਗ ਦੇਵੇਗੀ।Share