Home » ਚਰਨਜੀਤ ਚੰਨੀ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ; ਨਵੇਂ ਮੰਤਰੀ ਮੰਡਲ ‘ਚ ਸ਼ਾਮਲ ਹੋਣਗੇ ਨਵੇਂ ਚਿਹਰੇ…
Home Page News India India News

ਚਰਨਜੀਤ ਚੰਨੀ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ; ਨਵੇਂ ਮੰਤਰੀ ਮੰਡਲ ‘ਚ ਸ਼ਾਮਲ ਹੋਣਗੇ ਨਵੇਂ ਚਿਹਰੇ…

Spread the news

ਪੰਜਾਬ ਦੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਸੋਮਵਾਰ ਸਵੇਰੇ 11 ਵਜੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਐਤਵਾਰ ਸ਼ਾਮ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਰਾਹੀਂ ਚੰਨੀ ਦੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਦਲਿਤ ਆਗੂ ਸੂਬੇ ਦਾ ਮੁੱਖ ਮੰਤਰੀ ਬਣੇਗਾ।ਚਰਨਜੀਤ ਚੰਨੀ ਆਪ ਸਹੁੰ ਚੁੱਕਣ ਤੋਂ ਬਾਅਦ ਕਿਸ-ਕਿਸ ਨੂੰ ਮੰਤਰੀ ਬਣਾਉਂਦੇ ਹਨ, ਇਸ ਉੱਤੇ ਵੀ ਸਭ ਦੀ ਨਜ਼ਰ ਰਹੇਗੀ। ਚੰਨੀ ਹੁਣ ਤਕ ਤਕਨੀਕੀ ਸਿੱਖਿਆ ਮੰਤਰੀ ਰਹੇ ਹਨ। ਹੁਣ ਉਹ ਆਪਣੇ ਕੋਲ ਕਿਹੜਾ ਮੰਤਰਾਲਾ ਰੱਖਣਗੇ, ਇਹ ਵੇਖਣਾ ਵੀ ਦਿਲਚਸਪ ਹੋਵੇਗਾ। ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਮਰਥਨ ਨਾਲ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਵਿੱਚ ਕਾਮਯਾਬ ਰਹੇ। ਇਹ ਕੁਰਸੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ।

ਚੰਨੀ ਦੇ ਨਾਲ ਦੋ ਉਪ ਮੁੱਖ ਮੰਤਰੀ (ਡਿਪਟੀ CM) ਵੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚ ਬ੍ਰਹਮ ਮਹਿੰਦਰਾ ਦੇ ਨਾਲ-ਨਾਲ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਵੀ ਹੈ, ਜੋ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ। ਬ੍ਰਹਮ ਮਹਿੰਦਰਾ ਇੱਕ ਹਿੰਦੂ ਨੇਤਾ ਹਨ ਜਦੋਂਕਿ ਰੰਧਾਵਾ ਜੱਟ ਸਿੱਖ ਭਾਈਚਾਰੇ ਵਿੱਚੋਂ ਹਨ।ਇਹ ਵੀ ਜਾਣਨਾ ਅਹਿਮ ਰਹੇਗਾ ਕਿ ਕੈਪਟਨ ਸਰਕਾਰ ਦੇ ਕਿਹੜੇ ਮੰਤਰੀ ਦਾ ਪੱਤਾ ਕੱਟਿਆ ਜਾਵੇਗਾ। ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਨੇ ਦਲਿਤ ਕਾਰਡ ਖੇਡਿਆ ਹੈ। ਅਜਿਹੀ ਸਥਿਤੀ ਵਿੱਚ ਸਾਧੂ ਸਿੰਘ ਧਰਮਸੋਤ ਦੀ ਵਾਪਸੀ ਮੁਸ਼ਕਲ ਹੋ ਗਈ ਹੈ। ਉਂਝ ਵੀ ਉਨ੍ਹਾਂ ਉੱਤੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਘੁਟਾਲੇ ਦਾ ਦੋਸ਼ ਹੈ।