ਪਿਛਲੇ ਹਫ਼ਤੇ ਨਿਊਜ਼ੀਲੈਂਡ ਟੀਮ ਨੇ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਖੇਡਣਾ ਸੀ। ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਫ਼ੈਸਲਾ ਕੀਤਾ, ਕਿ ਇੱਥੇ ਸਾਡੀਆਂ ਜਾਨਾਂ ਨੂੰ ਖ਼ਤਰਾ ਹੈ ਤੇ ਟੀਮ ਰਾਤੋਂ-ਰਾਤ ਵਾਪਸ ਤੁਰ ਗਈ।ਇਸ ਬਾਰੇ ਪਾਕਿਸਤਾਨ ਦੇ ਲੇਖਕ ਮੁਹੰਮਦ ਹਨੀਫ਼ ਦਾ ਕੀ ਕਿਹਨਾ ਹੈ….
ਲੇਖਕ ਮੁਹੰਮਦ ਹਨੀਫ਼ ਕਿਹਦੇ ਨੇ….’ਸਾਡੀ ਇੱਜ਼ਤ ਵੀ ਛੇਤੀ ਹੁੰਦੀ ਬੇ-ਇੱਜ਼ਤੀ ਵੀ’
ਬਚਪਨ ਤੋਂ ਹੀ ਸਾਡੀਆਂ ਮਾਵਾਂ ਸਾਨੂੰ ਸਮਝਾ ਦਿੰਦੀਆਂ ਨੇ ਕਿ ਬੰਦੇ ਦੀ ਇਜ਼ੱਤ ਬੰਦੇ ਦੇ ਆਪਣੇ ਹੱਥ ਹੁੰਦੀ ਹੈ।
ਲੇਕਿਨ ਸਾਡਾ ਪਤਾ ਨਹੀਂ ਕੀ ਮਸਲਾ ਹੈ ਕਿ ਸਾਡੀ ਇੱਜ਼ਤ ਵੀ ਬੜੀ ਛੇਤੀ ਹੋ ਜਾਂਦੀ ਹੈ ਤੇ ਬੇਇਜ਼ਤੀ ਹੋਣ ‘ਤੇ ਵੀ ਕੋਈ ਟਾਈਮ ਨਹੀਂ ਲੱਗਦਾ।
ਮੇਰਾ ਖ਼ਿਆਲ ਹੈ ਪਾਕਿਸਤਾਨ ਤੋਂ ਸਭ ਤੋਂ ਜ਼ਿਆਦਾ ਦੂਰ ਜਿਹੜਾ ਮੁਲਕ ਹੈ, ਉਹ ਹੈ ਨਿਊਜ਼ੀਲੈਂਡ।
ਉੱਥੇ ਇੱਕ ਮਸੀਤ ‘ਤੇ ਹਮਲਾ ਹੋਇਆ, ਬੜਾ ਵੱਡਾ ਜ਼ੁਲਮ ਹੋਇਆ ਤੇ ਉੱਥੋਂ ਦੀ ਗੋਰੀ ਵਜ਼ੀਰ-ਏ-ਆਜ਼ਮ ਮਜ਼ਲੂਮਾਂ ਦੇ ਨਾਲ ਜਾ ਖਲੋਤੀ।
ਖਲੋਣਾ ਵੀ ਬਣਦਾ ਸੀ। ਜਦੋਂ ਉਹ ਸਾਡੇ ਮਜ਼ਲੂਮ ਮੁਸਲਮਾਨ ਭਰਾਵਾਂ ਤੇ ਭੈਣਾਂ ਨੂੰ ਮਿਲਣ ਗਈ, ਤਾਂ ਉਹ ਸਿਰ ‘ਤੇ ਚਾਦਰ ਪਾ ਕੇ ਗਈ।
ਸਾਡਾ ਪੂਰੀ ਕੌਮ ਦਾ ਪਤਾ ਨਹੀਂ ਕੀ ਮਸਲਾ ਹੈ, ਕਿ ਅਸੀਂ ਗੋਰੀ ਦੇ ਸਿਰ ‘ਤੇ ਦੁਪੱਟਾ ਜਾਂ ਚਾਦਰ ਵੇਖ ਲਈਏ ਤਾਂ ਸਾਡਾ ਈਮਾਨ ਤਾਜ਼ਾ ਹੋ ਜਾਂਦਾ ਹੈ।
ਅਸੀਂ ਇੱਥੇ ਹਜ਼ਾਰਾਂ ਮੀਲ ਦੂਰ ਬੈਠੇ, ਟੀਵੀ ‘ਤੇ ਗੋਰੀ ਵਜ਼ੀਰ-ਏ-ਆਜ਼ਮ ਨੂੰ ਚਾਦਰ ਲਿਆਂ ਵੇਖ ਕੇ ਨਾਅਰੇ ਮਾਰ ਛੱਡੇ।
ਕਿਸੇ ਨੇ ਉਸ ਨੂੰ ਵੱਡੀ ਭੈਣ ਬਣਾ ਲਿਆ, ਕਿਸੇ ਨੇ ਫੁੱਫੀ ਤੇ ਕਈ ਤਾਂ ਮੁੰਡੇ ਦਾ ਰਿਸ਼ਤਾ ਭੇਜਣ ਨੂੰ ਫਿਰਦੇ ਸਨ, ਫਿਰ ਪਤਾ ਲੱਗਿਆ ਕਿ ਆਪ ਹੀ ਬੱਚਿਆਂ ਵਾਲੀ ਹੈ।
ਅਸੀਂ ਐਂਵੇ ਹੀ ਉਸ ਨੂੰ ਜ਼ਬਰਦਸਤੀ, ਧੱਕੇ ਨਾਲ ਇਸਲਾਮ ਦੇ ਦਾਇਰੇ ‘ਚ ਵੀ ਵਾੜਨ ਦੀ ਕੋਸ਼ਿਸ਼ ਕੀਤੀ।
ਹੁਣ, ਪਿਛਲੇ ਹਫ਼ਤੇ ਨਿਊਜ਼ੀਲੈਂਡ ਟੀਮ ਨੇ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਖੇਡਣਾ ਸੀ।
ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਫ਼ੈਸਲਾ ਕੀਤਾ, ਕਿ ਇੱਥੇ ਸਾਡੀਆਂ ਜਾਨਾਂ ਨੂੰ ਖ਼ਤਰਾ ਹੈ ਤੇ ਟੀਮ ਰਾਤੋਂ-ਰਾਤ ਵਾਪਸ ਤੁਰ ਗਈ।
ਸਾਡੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਸਾਹਿਬ ਤੋਂ ਜ਼ਿਆਦਾ ਨਿਊਜ਼ੀਲੈਂਡ ਨੂੰ ਕੌਣ ਜਾਣ ਸਕਦਾ ਹੈ ਤੇ ਵਜ਼ੀਰ-ਏ-ਆਜ਼ਮ ਖ਼ਾਨ ਸਾਹਿਬ ਤੋਂ ਜ਼ਿਆਦਾ ਗੋਰੀਆਂ ਨੂੰ ਵੀ ਕੌਣ ਸਮਝ ਸਕਦਾ ਹੈ।
ਉਨ੍ਹਾਂ ਨੇ ਫੋਨ ਚੁੱਕਿਆ ਤੇ ਵਜ਼ੀਰ-ਏ-ਆਜ਼ਮ ਨਾਲ ਗੱਲ ਕੀਤੀ, ਲੇਕਿਨ ਉਹ ਨਾ ਮੰਨੀ ਤੇ ਹੁਣ ਉਹੀ ਵਜ਼ੀਰ-ਏ-ਆਜ਼ਮ ਜਿਹੜੀ ਸਾਨੂੰ ਮਾਵਾਂ-ਭੈਣਾਂ ਵਾਂਗ ਪਿਆਰੀ ਹੋ ਗਈ ਸੀ, ਉਹ ਹੁਣ ਸਾਡੀ ਦੁਸ਼ਮਣ ਹੋ ਗਈ ਹੈ।
ਸਿਰ ‘ਤੇ ਦੁਪੱਟਾ ਲੈ ਕੇ, ਮਸੀਤੇ ਜਾ ਕੇ ਜਿਸ ਨੇ ਸਾਡੀ ਇੱਜ਼ਤ ਵਧਾਈ ਸੀ, ਉਸ ਨੇ ਹੁਣ ਟੀਮ ਵਾਪਿਸ ਬੁਲਾ ਕੇ ਸਾਡੀ ਬੇਇੱਜ਼ਤੀ ਕਰ ਛੱਡੀ ਹੈ।
ਮੈਨੂੰ ਕ੍ਰਿਕਟ ਦੇ ਸ਼ੌਕੀਨਾਂ ਦਾ ਗ਼ਮ ਸਮਝ ਆਉਂਦਾ ਹੈ। ਉਨ੍ਹਾਂ ਦਾ ਖ਼ਿਆਲ ਸੀ ਕਿ ਮੈਚ ਸ਼ੁਰੂ ਹੋਏਗਾ ਤੇ ਆਟੇ-ਦਾਲ ਦੇ ਭਾਅ ਭੁੱਲ ਜਾਣਗੇ ਤੇ ਬਾਕੀ ਸਾਰੇ ਗ਼ਮ ਵੀ ਭੁੱਲ ਕੇ ਬੱਸ ਮੈਚ ਵੇਖਾਂਗੇ।
‘ਉਹ ਅੰਦਰੋਂ-ਬਹਾਰੋਂ ਗੋਰੇ ਹੀ ਨੇ’
ਇੱਥੇ ਕ੍ਰਿਕਟ ਦਾ ਸ਼ੌਂਕ ਇੰਨਾ ਹੈ ਬਈ ਘਰ ਦੇ ਜੀਆਂ ਦੀ ਗਿਣਤੀ ਪੂਰੀ ਹੋਵੇ ਨਾ ਹੋਵੇ ਪਰ ਤੀਹ ਸਾਲ ਪਹਿਲਾਂ ਕਿਸ ਨੇ ਕਿੱਥੇ ਛੱਕਾ ਮਾਰੀਆ ਸੀ ਤੇ ਕਿਹੜੀ ਬਾਲ ਅੰਦਰ ਆਈ ਸੀ ਤੇ ਕਿਹੜੀ ਬਾਹਰ ਸਵਿੰਗ ਹੋਈ ਸੀ, ਇਹ ਸਭ ਯਾਦ ਰਹਿੰਦਾ ਹੈ।
ਨਿਊਜ਼ੀਲੈਂਡ ਦੀ ਟੀਮ ਨੱਸ ਗਈ, ਭੈੜਾ ਕੀਤਾ। ਪੂਰੇ ਜੱਗ ਨੇ ਥੂਹ-ਥੂਹ ਵੀ ਕੀਤੀ ਪਰ ਸਾਨੂੰ ਆਪਣੀ ਬੇਇੱਜ਼ਤੀ ਨਹੀਂ ਭੁੱਲ ਰਹੀ।
ਇਨ੍ਹਾਂ ਹੀ ਗੱਲਾਂ ‘ਤੇ ਅਸੀਂ ਪਿੰਡਾਂ ‘ਚ ਜਾਂ ਕਿਸੇ ਦਾ ਨੱਕ ਵੱਢ ਛੱਡਦੇ ਹਾਂ ਜਾਂ ਆਪਣਾ ਵੀ ਕਦੇ-ਕਦੇ ਵੱਢ ਲੈਂਦੇ ਹਾਂ।
ਪਰ ਜ਼ਰਾ ਠੰਡੇ ਦਿਲ ਨਾਲ ਸੋਚੋ, ਬਈ ਨਿਊਜ਼ੀਲੈਂਡ ਵਾਲੇ ਭਾਵੇਂ ਦੁਪੱਟੇ ਪਾਉਣ ਤੇ ਭਾਵੇਂ ਕੱਛੇ, ਉਹ ਅੰਦਰੋਂ-ਬਹਾਰੋਂ ਗੋਰੇ ਹੀ ਨੇ।
ਆਪਣੀ ਬੇਇੱਜ਼ਤੀ ਦਾ ਰੋਣਾ ਰੋ ਲਓ ਪਰ ਨਾਲ-ਨਾਲ ਕੌਮ ਨੂੰ ਇਹ ਵੀ ਦੱਸੋ, ਵੀ ਇਹ ਨਿਊਜ਼ੀਲੈਂਡ ਤਾਂ ਬਣਿਆ ਹੀ ਕਤਲੇਆਮ ‘ਤੇ ਸੀ।
ਸਾਡੇ ਰੰਗ ਦੇ ਜਿਹੜੇ ਉੱਥੇ ਦੇ ਅਸਲੀ ਬਾਸ਼ਿੰਦੇ ਸਨ ਉਨ੍ਹਾਂ ਦੀਆਂ ਨਸਲਾਂ ਨੂੰ ਮੁਕਾ ਕੇ ਇੱਥੇ ਗੋਰਿਆਂ ਨੇ ਆਪਣਾ ਇੱਕ ਦੇਸ਼ ਬਣਾ ਲਿਆ।
ਤੇ ਉਹ ਉੱਤੋਂ ਇਹ ਵੀ ਆਖਦੇ ਨੇ ਕਿ ਅਸੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਰੀਫ ਗੋਰੇ ਹਾਂ। ਸਾਨੂੰ ਵੇਖੋ, ਜੇ ਲੋੜ ਪਵੇ ਤਾਂ ਤੁਹਾਡੀ ਮਸੀਤੇ ਵੀ ਆ ਜਾਨੇ ਆ ਤੇ ਤੁਹਾਨੂੰ ਜੱਫੀ ਵੀ ਪਾ ਲੈਂਦੇ ਆ।
ਮੇਰਾ ਖਿਆਲ ਹੈ ਮਾਵਾਂ ਸਹੀ ਕਹਿੰਦੀਆਂ ਸਨ। ਇਹੋ ਜਿਹੇ ਲੋਕਾਂ ਦੇ ਹੱਥੋਂ ਕਿਹੜੀ ਇੱਜ਼ਤ ਤੇ ਕਿਹੜੀ ਬੇਇੱਜ਼ਤੀ, ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ।
ਬਾਕੀ ਰਹੀ ਕ੍ਰਿਕਟ, ਤੇ ਉਹ ਕਿਹੜਾ ਸਾਡੇ ਬੈਟ-ਬੱਲੇ ਨਾਲ ਲੈ ਗਏ ਨੇ। ਅਸੀਂ ਗਲ਼ੀਆਂ ‘ਚ ਖੇਡਾਂਗੇ, ਸੜਕਾਂ ‘ਤੇ ਖੇਡਾਂਗੇ।
ਇਸ ਦੇ ਨਾਲ ਅਫਗਾਨਿਸਤਾਨ ਗੁਆਂਢ, ਸਾਡੇ ਤਾਲਿਬਾਨ ਭਰਾ ਆ ਗਏ ਨੇ, ਉਨ੍ਹਾਂ ਦੀ ਵੀ ਸੁਣਿਆ ਕੋਈ ਟੀਮ ਹੈ। ਹੋਰ ਕੋਈ ਟੀਮ ਨਾ ਆਈ ਤੇ ਉਨ੍ਹਾਂ ਨਾਲ ਹੀ ਖੇਡਦੇ ਰਵਾਂਗੇ।