ਨੌਜਵਾਨ ਗੇਂਦਬਾਜ਼ ਉਮਰਾਨ ਮਲਿਕ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਮ ਲੀਗ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 4 ਦੌੜਾਂ ਨਾਲ ਹਰਾ ਕੇ ਉਸ ਦਾ ਅੰਕ ਸੂਚੀ ’ਚ ਟਾਪ-2 ’ਚ ਜਗ੍ਹਾ ਬਣਾਉਣ ਦਾ ਸੁਪਨਾ ਵੀ ਤੋੜ ਦਿੱਤਾ।
ਲਗਾਤਾਰ 4 ਜਿੱਤ ਤੋਂ ਬਾਅਦ ਆਰ. ਸੀ. ਬੀ. ਦੀ ਹਾਰ ਨਾਲ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਜ਼ ਦਾ ਟਾਪ-2 ’ਤੇ ਰਹਿਣਾ ਤੈਅ ਹੋ ਗਿਆ ਹੈ। ਪਲੇਅ ਆਫ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਆਰ. ਸੀ. ਬੀ. ਦੀ ਟੀਮ 142 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਮਰਾਨ, ਸਿਧਾਰਥ ਕੌਲ, ਭੁਵਨੇਸ਼ਵਰ ਕੁਮਾਰ ਅਤੇ ਜੇਸਨ ਹੋਲਡਰ ਦੀ ਕਿਫਾਇਤੀ ਗੇਂਦਬਾਜ਼ੀ ਦੇ ਸਾਹਮਣੇ 6 ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ।
ਭੁਵਨੇਸ਼ਵਰ ਦੇ ਆਖਰੀ ਓਵਰ ’ਚ ਆਰ. ਸੀ. ਬੀ. ਨੂੰ ਜਿੱਤ ਲਈ 13 ਦੌੜਾਂ ਦੀ ਜ਼ਰੂਰਤ ਸੀ ਪਰ ਚੌਟੀ ਦੇ ਬੱਲੇਬਾਜ਼ ਏ. ਬੀ. ਡਿਵੀਲੀਅਰਸ ਵੀ ਟੀਮ ਨੂੰ ਜਿੱਤ ਨਹੀਂ ਦੁਆ ਸਕਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ ਨੇ ਸਭ ਤੋਂ ਵੱਧ 41 ਜਦਕਿ ਗਲੇਨ ਮੈਕਸਵੈੱਲ ਨੇ 40 ਦੌੜਾਂ ਬਣਾਈਆਂ। ਸਨਰਾਈਜ਼ਰਜ਼ ਦੀ ਟੀਮ ਹਰਸ਼ਲ ਪਟੇਲ, ਡੈਨ ਕ੍ਰਿਸਟੀਅਨ ਅਤੇ ਯੁਜਵਿੰਦਰ ਚਹਿਲ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 7 ਵਿਕਟਾਂ ’ਤੇ 141 ਦੌੜਾਂ ਬਣਾਈਆਂ ਸਨ।
ਸ਼ਾਹਬਾਜ਼ ਅਹਿਮਦ ਅਤੇ ਮੁਹੰਮਦ ਸਿਰਾਜ ਨੇ ਵੀ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ ਕ੍ਰਮਵਾਰ 4 ਅਤੇ 3 ਓਵਰ ’ਚ 21 ਅਤੇ 17 ਦੌੜਾਂ ਦਿੱਤੀਆਂ ਪਰ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ। ਹੈਦਰਾਬਾਦ ਵੱਲੋਂ ਜੇਸਨ ਰਾਏ ਅਤੇ ਕਪਤਾਨ ਕੇਨ ਵਿਲੀਅਮਸਨ (31) ਤੋਂ ਇਲਾਵਾ ਕੋਈ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਦੋਨਾਂ ਨੇ ਦੂਜੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਹੈਦਰਾਬਾਦ ਦੇ ਬੱਲੇਬਾਜ਼ ਆਖਰੀ 8 ਓਵਰਾਂ ’ਚ 50 ਦੌੜਾਂ ਹੀ ਜੋੜ ਸਕੇ।
ਸਨਰਾਈਜ਼ਰਜ਼ ਹੈਦਰਾਬਾਦ : ਜੇਸਨ ਰਾਏ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਪ੍ਰਿਯਮ ਗਰਗ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਉਮਰਾਨ ਮਲਿਕ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ (ਵਿਕਟਕੀਪਰ), ਗਲੇਨ ਮੈਕਸਵੈਲ, ਏਬੀ ਡੀਵਿਲੀਅਰਸ, ਡੈਨੀਅਲ ਕ੍ਰਿਸਚੀਅਨ, ਸ਼ਾਹਬਾਜ਼ ਅਹਿਮਦ, ਸ਼੍ਰੀਕਰ ਭਾਰਤ, ਜਾਰਜ ਗਾਰਟਨ, ਹਰਸ਼ਾਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ