ਆਸਟ੍ਰੇਲੀਆ ਦੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਨੇ ਇਕ ਵੱਡਾ ਮੀਲ ਦਾ ਪੱਥਰ ਸਥਾਪਿਤ ਕਰਦਿਆਂ 16 ਸਾਲ ਤੋਂ ਵੱਧ ਉਮਰ ਦੇ 80.98 ਫੀਸਦੀ ਪ੍ਰਤੀਸ਼ਤ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ। ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 16,698,532 ਲੋਕਾਂ ਨੂੰ ਕੋਵਿਡ-19 ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ ਜਦਕਿ 59.30 ਪ੍ਰਤੀਸ਼ਤ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਾ ਹੈ। ਆਸਟ੍ਰੇਲੀਆ ਦੇ 12,228,295 ਲੋਕ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।
ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਔਸਤਨ ਰੋਜ਼ਾਨਾ 150,242 ਲੋਕਾਂ ਨੂੰ ਕੋਵਿਡ-19 ਦਾ ਦੂਜਾ ਟੀਕਾ ਲਗਾਇਆ ਗਿਆ ਹੈ। ਸਰਕਾਰ ਵਲੋਂ ਆਸਟ੍ਰੇਲੀਅਨ ਲੋਕਾਂ ਨੂੰ ਟੀਕਾਕਰਨ ਦਾ ਮਿਥਿਆ ਗਿਆ 70 ਫੀਸਦੀ ਟੀਕਾਕਰਨ ਦੇ ਟੀਚਾ ਨੂੰ ਇਸ ਰਫ਼ਤਾਰ ਦੇ ਨਾਲ ਅਕਤੂਬਰ ਦੇ ਅਖੀਰ ਦੇ ਵਿੱਚ ਪੂਰਾ ਕੀਤੇ ਜਾਣ ਦੀ ਊਮੀਦ ਹੈ ਜਦਕਿ 80 ਫੀਸਦੀ ਲੋਕਾਂ ਨੂੰ ਦੋਵੇਂ ਟੀਕੇ ਲਗਾਏ ਜਾਣ ਦੇ 80 ਫੀਸਦੀ ਟੀਚੇ ਨੂੰ ਨਵੰਬਰ ਦੇ ਸ਼ੁਰੂ ਦੇ ਵਿੱਚ ਪੂਰਾ ਕੀਤੇ ਜਾਣ ਦੀ ਉਮੀਦ ਹੈ।
ਇਸੇ ਦੌਰਾਨ ਕੋਵਿਡ ਟੀਕਾਕਰਨ ਟਾਸਕਫੋਰਸ ਦੇ ਮੁਖੀ ਲੈਫਟੀਨੈਂਟ ਜਨਰਲ ਜੌਨ ਫਰੀਵੇਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਅਸੀਂ ਟੀਕਾਕਰਨ ਲਈ ਲੋਕਾਂ ਨੂੰ ਅੱਗੇ ਲਿਆਉਣ ਲਈ ਸਭ ਤੋਂ ਵਧੀਆ ਤਰੀਕਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਰਾਜ ਅਤੇ ਪ੍ਰਦੇਸ਼ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਹਾਂ।’